ਨਵੀਂ ਦਿੱਲੀ, ਖੇਡ ਮੰਤਰਾਲੇ ਨੇ ਅੱਜ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮਸ੍ਰੀ ਲਈ ਤੀਰਅੰਦਾਜ਼ ਤਰੁਨਦੀਪ ਰਾਏ ਤੇ ਹਾਕੀ ਓਲੰਪੀਅਨ ਐੱਮ.ਪੀ. ਗਣੇਸ਼ ਤੋਂ ਇਲਾਵਾ ਸੱਤ ਮਹਿਲਾ ਖਿਡਾਰੀਆਂ ਦੇ ਨਾਂ ਦੀ ਸਿਫ਼ਾਰਿਸ਼ ਕੀਤੀ ਹੈ। ਕ੍ਰਿਕਟਰ ਹਰਮਨਪ੍ਰੀਤ ਕੌਰ, ਪਹਿਲਵਾਨ ਵਿਨੇਸ਼ ਫੋਗਾਟ, ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ, ਕੌਮੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ, ਸਾਬਕਾ ਨਿਸ਼ਾਨੇਬਾਜ਼ ਸੁਮਾ ਸ਼ਿਰੂਰ ਅਤੇ ਪਰਬਤਾਰੋਹੀ ਜੋੜੀਆਂ ਭੈਣਾਂ ਤਾਸ਼ੀ ਤੇ ਨੂਨਗਸ਼ੀ ਮਲਿਕ ਦੇ ਨਾਂ ਦੀ ਸਿਫ਼ਾਰਿਸ਼ ਵੀ ਪਦਮਸ੍ਰੀ ਲਈ ਕੀਤੀ ਗਈ ਹੈ। ਤਰੁਨਦੀਪ ਤੇ ਗਣੇਸ਼ ਦੇ ਨਾਂ ਬਾਅਦ ਵਿੱਚ ਸੂਚੀ ’ਚ ਸ਼ਾਮਲ ਕੀਤੇ ਗਏ ਜਿਨ੍ਹਾਂ ਨੂੰ ਖੇਡ ਮੰਤਰੀ ਕਿਰਨ ਰਿਜਿਜੂ ਦੀ ਮਨਜ਼ੂਰੀ ਮਿਲਣੀ ਅਜੇ ਬਾਕੀ ਹੈ।
ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮ.ਸੀ. ਮੇਰੀਕੌਮ ਦੇ ਰੂਪ ਵਿਚ ਖੇਡ ਮੰਤਰਾਲੇ ਨੇ ਪਦਮ ਵਿਭੂਸ਼ਣ ਪੁਰਸਕਾਰ ਲਈ ਪਹਿਲੀ ਵਾਰ ਮਹਿਲਾ ਅਥਲੀਟ ਦੇ ਨਾਂ ਦੀ ਸਿਫ਼ਾਰਿਸ਼ ਕੀਤੀ ਜੋ ਭਾਰਤ ਰਤਨ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਹੈ। ਮੇਰੀਕੌਮ ਨੂੰ 2013 ਵਿੱਚ ਪਦਮਭੂਸ਼ਣ ਤੇ 2006 ’ਚ ਪਦਮਸ੍ਰੀ ਮਿਲਿਆ ਸੀ।
ਖੇਡ ਮੰਤਰਾਲੇ ਨੇ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਚਾਂਦੀ ਤਗ਼ਮਾ ਜੇਤੂ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਦੇ ਨਾਂ ਦੀ ਸਿਫ਼ਾਰਿਸ਼ ਵੀ ਪਦਮ ਭੂਸ਼ਣ ਲਈ ਕੀਤੀ ਹੈ ਜੋ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਾਗਰਕਿ ਪੁਰਸਕਾਰ ਹੈ। 2017 ਵਿੱਚ ਵੀ ਸਿੰਧੂ ਦੇ ਨਾਂ ਦੀ ਸਿਫ਼ਾਰਿਸ਼ ਪਦਮ ਭੂਸ਼ਣ ਲਈ ਕੀਤੀ ਗਈ ਸੀ ਪਰ ਉਹ ਆਖ਼ਰੀ ਸੂਚੀ ’ਚ ਆਉਣ ’ਚ ਅਸਫ਼ਲ ਰਹੀ ਸੀ। ਉਸ ਨੂੰ 2015 ’ਚ ਪਦਮਸ੍ਰੀ ਮਿਲਿਆ ਸੀ।
ਤਰੁਨਦੀਪ ਉਸ ਭਾਰਤੀ ਰੀਕਰਵ ਟੀਮ ਦਾ ਹਿੱਸਾ ਸੀ ਜਿਸ ਨੇ ਇਸ ਸਾਲ ਜੂਨ ਵਿੱਚ ਨੈਦਰਲੈਂਡਜ਼ ’ਚ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਤਗ਼ਮਾ ਜਿੱਤਿਆ ਸੀ। ਅਤੁਨ ਦਾ ਅਤੇ ਪ੍ਰਵੀਣ ਜਾਧਵ ਦੇ ਨਾਲ ਉਨ੍ਹਾਂ ਦੀ ਟੀਮ ਨੇ ਪੁਰਸ਼ ਰੀਕਰਵ ਨਿੱਜੀ ਮੁਕਾਬਲੇ ਵਿੱਚ ਤਿੰਨ ਸਿੰਗਲਜ਼ ਕੋਟਾ ਹਾਸਲ ਕਰਨ ਦੇ ਨਾਲ ਇਸ ਵਿੱਚ ਵੀ ਓਲੰਪਿਕ ਕੋਟਾ ਹਾਸਲ ਕੀਤਾ ਸੀ।
ਗਣੇਸ਼ ਉਸ ਭਾਰਤੀ ਪੁਰਸ਼ ਹਾਕੀ ਟੀਮ ਦਾ ਹਿੱਸਾ ਸੀ ਜਿਸ ਨੇ 1972 ਮਿਊਨਿਖ ਓਲੰਪਿਕ ’ਚ ਕਾਂਸੀ ਤਗ਼ਮਾ, 1971 ਬਾਰਸੀਲੋਨਾ ਵਿਸ਼ਵ ਕੱਪ ’ਚ ਕਾਂਸੀ ਤਗ਼ਮਾ ਅਤੇ ਐਮਸਟਰਡਮ ’ਚ 1973 ’ਚ ਚਾਂਦੀ ਤਗ਼ਮਾ ਜਿੱਤਿਆ ਸੀ। ਖੇਡ ਮੰਤਰਾਲੇ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਪਦਮਸ੍ਰੀ ਪੁਰਸਕਾਰਾਂ ਦੀਆਂ ਸਿਫ਼ਾਰਿਸ਼ਾਂ ’ਚ ਦੋ ਖਿਡਾਰੀਆਂ ਦੇ ਨਾਂ ਜੋੜ ਗਏ ਹਨ ਪਰ ਉਨ੍ਹਾਂ ਹੁਣੇ ਮੰਤਰੀ ਦੀ ਮਨਜ਼ੂਰੀ ਨਹੀਂ ਮਿਲੀ ਹੈ। ਅਗਲੇ ਸਾਲ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਪੁਰਸਕਾਰ ਜੇਤੂਆਂ ਦੇ ਨਾਵਾਂ ਦਾ ਖੁਲਾਸਾ ਹੋਵੇਗਾ।