ਨਵੀਂ ਦਿੱਲੀ, 27 ਜਨਵਰੀ
ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮਸੀ ਮੇਰੀਕੌਮ ਨੂੰ ਅੱਜ ਦੇਸ਼ ਦੇ ਦੂਜੇ ਸਰਵੋਤਮ ਨਾਗਰਿਕ ਪੁਰਸਕਾਰ ‘ਪਦਮ ਵਿਭੂਸ਼ਨ’ ਲਈ ਅਤੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਪਦਮ ਭੂਸ਼ਨ ਸਨਮਾਨ ਲਈ ਚੁਣਿਆ ਗਿਆ ਹੈ। ਪਦਮ ਪੁਰਸਕਾਰਾਂ ਲਈ ਕੁੱਝ ਅੱਠ ਖਿਡਾਰੀਆਂ ਚੁਣਿਆ ਗਿਆ ਹੈ, ਜਿਸ ਵਿੱਚ ਪਦਮ ਸ੍ਰੀ ਲਈ ਛੇ ਨਾਮ ਐਲਾਨੇ ਗਏ ਹਨ। ਸਰਕਾਰ ਨੇ 71ਵੇਂ ਗਣਤੰਤਰ ਦਿਵਸ ਤੋਂ ਪਹਿਲਾਂ ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਨਾਮਾਂ ਦਾ ਐਲਾਨ ਕੀਤਾ। ਪਦਮ ਸ੍ਰੀ ਪੁਰਸਕਾਰ ਲਈ ਜਿਹੜੇ ਨਾਮ ਐਲਾਨ ਗਏ ਹਨ ਉਨ੍ਹਾਂ ਵਿੱਚ ਕ੍ਰਿਕਟਰ ਜ਼ਹੀਰ ਖ਼ਾਨ, ਭਾਰਤੀ ਮਿਹਲਾ ਹਾਕੀ ਕਪਤਾਨ ਰਾਣੀ ਰਾਮਪਾਲ, ਸਾਬਕਾ ਹਾਕੀ ਖਿਡਾਰੀ ਐੱਮਪੀ ਗਣੇਸ਼, ਨਿਸ਼ਾਨੇਬਾਜ਼ ਜੀਤੂ ਰਾਏ, ਭਾਰਤੀ ਮਹਿਲਾ ਫੁਟਬਾਲ ਟੀਮ ਦੀ ਸਾਬਕਾ ਕਪਤਾਨ ਓਨਾਮ ਬੇਮਬੇਮ ਦੇਵੀ ਅਤੇ ਤੀਰਅੰਦਾਜ਼ ਤਰੁਣਦੀਪ ਰਾਏ ਸ਼ਾਮਲ ਹਨ।
36 ਸਾਲ ਦੀ ਮੁੱਕੇਬਾਜ਼ ਮੇਰੀਕੌਮ ਰਾਜ ਸਭਾ ਦੀ ਮੈਂਬਰ ਵੀ ਹੈ। ਉਸ ਨੇ ਆਪਣੇ ਸ਼ਾਨਦਾਰ ਕਰੀਅਰ ਵਿੱਚ ਛੇ ਵਾਰ ਵਿਸ਼ਵ ਚੈਂਪੀਅਨ ਬਣਨ ਤੋਂ ਇਲਾਵਾ 2012 ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। 24 ਸਾਲ ਦੀ ਸਿੰਧੂ ਨੇ 2016 ਵਿੱਚ ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਅਤੇ ਉਹ ਵਿਸ਼ਵ ਚੈਂਪੀਅਨ ਬਣਨ ਵਾਲੀ ਇਕਲੌਤੀ ਭਾਰਤੀ ਖਿਡਾਰਨ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਬੀਤੇ ਸਾਲ ਸੋਨ ਤਗ਼ਮੇ ਜਿੱਤਣ ਵਾਲੀ ਸਿੰਧੂ ਨੇ ਇਸ ਟੂਰਨਾਮੈਂਟ ਵਿੱਚ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਵੀ ਹਾਸਲ ਕੀਤੇ ਹਨ। ਇਸ ਸਾਲ ਸੱਤ ਪ੍ਰਮੁੱਖ ਹਸਤੀਆਂ ਨੂੰ ਪਦਮ ਵਿਭੂਸ਼ਣ ਲਈ ਚੁਣਿਆ ਗਿਆ ਹੈ, ਜਦਕਿ ਪਦਮ ਭੂਸ਼ਨ ਲਈ 16 ਅਤੇ ਪਦਮ ਸ੍ਰੀ ਲਈ 118 ਸ਼ਖਸਤੀਅਤਾਂ ਚੁਣੀਆਂ ਗਈਆਂ ਹਨ।