ਨਵੀਂ ਦਿੱਲੀ, 29 ਦਸੰਬਰ

ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਦੇ ਡੀਜੀ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਅਧਿਕਾਰਤ ਮੀਟਿੰਗ ਦੌਰਾਨ ਖਿੱਚੀ ਉਨ੍ਹਾਂ ਆਪਣੀ ਤਸਵੀਰ ਜਾਂ ਬਣਾਈ ਵੀਡੀਓ ਫੁਟੇਜ ਮੀਡੀਆ ਨੂੰ ਜਾਰੀ ਨਾ ਕਰਨ। ਦੇਸ਼ ਦੇ ਮੰਤਰੀ ਨੇ ਕਿਹਾ ਕਿ ਇਸੇ ਕਾਰਨ ਸਰਕਾਰ ਨੇ ਉਨ੍ਹਾਂ ਦੀ ਕੋਈ ਤਸਵੀਰ ਜਾਂ ਵੀਡੀਓ ਫੁਟੇਜ ਜਾਰੀ ਨਹੀਂ ਕੀਤੀ। ਬੀਤੇ ਦਿਨ ਕੌਮੀ ਸੁਰੱਖਿਆ ਕਮੇਟੀ ਦੀ ਬੈਠਕ ਹੋਈ, ਜਿਸ ‘ਚ ਨਦੀਮ ਵੀ ਸ਼ਾਮਲ ਸਨ ਪਰ ਸਰਕਾਰ ਵੱਲੋਂ ਮੀਡੀਆ ਨੂੰ ਜਾਰੀ ਕੀਤੀ ਗਈ ਤਸਵੀਰ ਅਤੇ ਵੀਡੀਓ ਫੁਟੇਜ ਮੀਟਿੰਗ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਤਸਵੀਰਾਂ ਸਨ ਪਰ ਆਈਐੱਸਆਈ ਦੇ ਮੁਖੀ ਦੀ ਨਹੀਂ ਸੀ। ਵਰਨਣਯੋਗ ਹੈ ਕਿ ਜਦੋਂ ਤੋਂ ਉਨ੍ਹਾਂ ਦੀ ਡੀਜੀ ਆਈਐੱਸਆਈ ਵਜੋਂ ਨਿਯੁਕਤੀ ਹੋਈ ਹੈ, ਉਨ੍ਹਾਂ ਦੀ ਕੋਈ ਵੀ ਤਸਵੀਰ ਜਾਂ ਵੀਡੀਓ ਫੁਟੇਜ ਮੀਡੀਆ ਨੂੰ ਜਾਰੀ ਨਹੀਂ ਕੀਤੀ ਗਈ ਹੈ। ਲੈਫਟੀਨੈਂਟ ਜਨਰਲ (ਸੇਵਾਮੁਕਤ) ਅਮਜਦ ਸ਼ੋਏਬ ਨੇ ਇਸ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਖੁਫੀਆ ਸੇਵਾਵਾਂ ਦਾ ਮੂਲ ਸਿਧਾਂਤ ਮੀਡੀਆ ਦੀ ਨਜ਼ਰ ਤੋਂ ਦੂਰ ਰਹਿਣਾ ਹੈ। ਅਤੀਤ ਵਿੱਚ ਇਸ ਸਿਧਾਂਤ ਦੀ ਉਲੰਘਣਾ ਹੋਈ ਹੈ ਅਤੇ ਕਈ ਵਾਰ ਸਰਕਾਰਾਂ ਖੁਫੀਆ ਮੁਖੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਫੁਟੇਜ ਮੀਡੀਆ ਨੂੰ ਜਾਰੀ ਕਰ ਰਹੀਆਂ ਸਨ।