ਮੁੰਬਈ: ਬੌਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ ਆਖਿਆ ਕਿ ਅਦਾਕਾਰਾਂ ਦੀ ਜ਼ਿੰਦਗੀ ਸੌਖੀ ਨਹੀਂ ਹੁੰਦੀ ਪਰ ਫਿਰ ਵੀ ਉਨ੍ਹਾਂ ਕੋਲ ਜ਼ਿੰਦਗੀ ’ਚ ‘ਵਿਸ਼ੇਸ਼ ਅਧਿਕਾਰ’ ਹੁੰਦੇ ਹਨ। ਜਦੋਂ ਉਹ ਸੋਚਦੀ ਹੈ ਕਿ ਉਸ ਕੋਲ ਕੰਮ ਤੇ ਪੈਸਾ ਨਹੀਂ ਹੈ ਤਾਂ ਉਹ ਖੁਦ ਨੂੰ ਉਤਸ਼ਾਹਿਤ ਕਰਦੇ ਰਹਿਣ ਸਦਕਾ ਆਪਣੇ ਕੰਮ ’ਤੇ ਮਾਣ ਮਹਿਸੂਸ ਹੁੰਦਾ ਹੈ। ਸੁਸ਼ਮਿਤਾ ਨੂੰ ਇਸ ਸਾਲ ਮਾਰਚ ਮਹੀਨੇ ਦਿਲ ਦਾ ਦੌਰਾ ਪੈਣ ਮਗਰੋਂ ਐਂਜੀਓਪਲਾਸਟੀ ਕਰਵਾਉਣੀ ਪਈ ਸੀ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਲਈ ਅਦਾਕਾਰੀ ਇੱਕ ਅਜਿਹੀ ਦਵਾ ਹੈ, ਜੋ ਡਾਕਟਰ ਮਰੀਜ਼ ਨੂੰ ਠੀਕ ਕਰਨ ਲਈ ਦਿੰਦੇ ਹਨ। ਸੁਸ਼ਿਮਤਾ ਨੇ ਕਿਹਾ ,‘‘ਡਾਕਟਰਾਂ ਵੱਲੋਂ ਦਿੱਤੀਆਂ ਦਵਾਈਆਂ ਖਾ ਕੇ ਸਿਹਤ ਚੰਗੀ ਰਹਿੰਦੀ ਹੈ ਪਰ ਮੇਰੇ ਲਈ ਮੇਰਾ ਕੰਮ ਕਰਦੇ ਰਹਿਣਾ ਮੈਨੂੰ ਸਿਹਤਮੰਦ ਰੱਖਦਾ ਹੈ। ਜਦੋਂ ਮੈਂ ਕੰਮ ਕਰਦੀ ਹਾਂ ਤਾਂ ਮੇਰੇ ਕੋਲ ਆਪਣੇ ਦੁੱਖਾਂ ਬਾਰੇ ਸੋਚਣ ਦਾ ਸਮਾਂ ਨਹੀਂ ਹੁੰਦਾ, ਸੋ ਅੱਗੇ ਵਧਦੇ ਰਹੋ ਤੇ ਜੋ ਕੰਮ ਤੁਹਾਨੂੰ ਬਿਹਤਰ ਲੱਗਦਾ ਹੈ, ਉਹ ਕਰਦੇ ਰਹੋ।’’ ਦੱਸਣਯੋਗ ਹੈ ਕਿ ਅਦਾਕਾਰਾ ਹੁਣ ਜੀਓ ਸਿਨੇਮਾ ਸੀਰੀਜ਼ ‘ਤਾਲੀ’ ਨਾਲ ਸਕਰੀਨ ’ਤੇ ਵਾਪਸੀ ਕਰ ਰਹੀ ਹੈ। ਇਸ ਵਿੱਚ ਟਰਾਂਸਜੈਂਡਰ ਕਾਰਕੁਨ ਗੌਰੀ ਸਵਾਤ ਦੀ ਜੀਵਨੀ ਨੂੰ ਬਿਆਨ ਕੀਤਾ ਗਿਆ ਹੈ।