ਮੁੰਬਈ, 6 ਜੁਲਾਈ

ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਦਾ ਕੋਈ ਡਰੀਮ ਰੋਲ ਨਹੀਂ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਕਿਰਦਾਰਾਂ ਪ੍ਰਤੀ ਧਾਰਨਾ ਸਮੇਂ ਅਤੇ ਉਮਰ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ। ਅੱਜ ਇੱਥੇ ਆਈਏਐੱਨਐੱਸ ਨਾਲ ਗੱਲ ਕਰਦਿਆਂ ਅਰਜੁਨ ਕਪੂਰ ਨੇ ਕਿਹਾ, ‘‘ਮੇਰਾ ਸੱਚਮੁੱਚ ਕੋਈ ਖਾਸ ਰੋਲ ਨਿਭਾਉਣ ਦਾ ਸੁਫ਼ਨਾ ਨਹੀਂ ਹੈ ਕਿਉਂਕਿ ਇਹ ਉਮਰ ਦੇ ਹਿਸਾਬ ਨਾਲ ਵਿਕਸਤ ਹੋਣ ਵਾਲੀ ਕਲਾ ਹੈ ਅਤੇ ਸਮੇਂ ਨਾਲ ਬਦਲਦੀ ਰਹਿੰਦੀ ਹੈ, ਜਿਸ ਤਰ੍ਹਾਂ ਤੁਸੀਂ ਚੀਜ਼ਾਂ ਨੂੰ ਦੇਖਦੇ ਹੋ, ਭੂਮਿਕਾਵਾਂ ਨੂੰ ਦੇਖਦੇ ਹੋ, ਜਿਸ ਤਰ੍ਹਾਂ ਤੁਸੀਂ ਜੀਵਨ ਨੂੰ ਦੇਖਦੇ ਹੋ, ਸਭ ਕੁਝ ਵਿਕਸਿਤ ਹੁੰਦਾ ਹੈ ਤਾਂ ਇਸ ਨੂੰ ਇੱਕ ਡਰੀਮ ਰੋਲ ਕਹਿਣਾ ਗਲਤ ਹੈ ਪਰ ਯਕੀਨੀ ਤੌਰ ’ਤੇ ਮੇਰੇ ਦਿਮਾਗ ਵਿੱਚ ਕੁਝ ਸ਼ੈਲੀਆਂ ਅਤੇ ਕੁਝ ਥਾਵਾਂ ਬਾਰੇ ਵਿਚਾਰ ਹਨ, ਜੋ ਮੈਨੂੰ ਉਤਸ਼ਾਹਿਤ ਕਰਦੇ ਹਨ ਪਰ ਕੋਈ ਵਿਸ਼ੇਸ਼ ਭੂਮਿਕਾ ਨਹੀਂ ਹੈ।’’ ਹਾਲ ਹੀ ਵਿੱਚ ਅਰਜੁਨ ਨੂੰ ਕੁਕਿੰਗ ਸ਼ੋਅ ‘ਸਟਾਰ ਵਰਸਜ਼ ਫੂਡ’ ਵਿੱਚ ਦੇਖਿਆ ਕਿਆ ਸੀ। ਹਾਲਾਂਕਿ ਖਾਣੇ ਦੇ ਸ਼ੌਕੀਨ ਅਦਾਕਾਰ ਨੂੰ ਖਾਣਾ ਬਣਾਉਣ ਦਾ ਬਹੁਤਾ ਸ਼ੌਕ ਨਹੀਂ ਹੈ। ਕੁਕਿੰਗ ਸ਼ੋਅ ਬਾਰੇ ਗੱਲ ਕਰਦਿਆਂ ਅਰਜੁਨ ਕਪੂਰ ਨੇ ਕਿਹਾ ਕਿ ਉਸ ਲਈ ਇਹ ਇੱਕ ਸ਼ਾਨਦਾਰ ਤਜਰਬਾ ਸੀ। ਉਸ ਨੇ ਕਿਹਾ, ‘‘ਮੈਂ ਕਦੇ ਵੀ ਖਾਣਾ ਬਣਾਉਣ ਵਿੱਚ ਦਿਲਚਸਪੀ ਨਹੀਂ ਲਈ ਪਰ ‘ਕੀ ਐਂਡ ਕਾ’ ਦੌਰਾਨ ਫਿਲਮ ਨਿਰਦੇਸ਼ਕ ਮਿਸਟਰ ਬਾਲਕੀ ਨੇ ਮੈਨੂੰ ਰਸੋਈ ਵਿੱਚ ਭੇਜਿਆ ਅਤੇ ਮੈਂ ਇੱਕ ਸ਼ੈੱਫ ਤੋਂ ਖਾਣਾ ਬਣਾਉਣਾ ਸਿੱਖਿਆ।’’ ਖਾਣੇ ਵਿੱਚ ਸਭ ਤੋਂ ਵਧੀਆ ਚੀਜ਼ ਬਣਾਉਣ ਬਾਰੇ ਪੁੱਛਣ ’ਤੇ ਅਰਜੁਨ ਨੇ ਦੱਸਿਆ, ‘‘ਆਂਡੇ, ਮੈਨੂੰ ਲੱਗਦਾ ਹੈ ਇਹ ਸਭ ਤੋਂ ਆਮ ਚੀਜ਼ ਹੈ, ਜੋ ਮੈਂ ਬਣਾ ਸਕਦਾ ਹਾਂ। ਮੈਂ ਪਾਸਤਾ ਅਤੇ ਆਂਡਿਆਂ ਦੀ ਭੁਰਜੀ ਵੀ ਬਣਾ ਲੈਂਦਾ ਹਾਂ।’’ ਸ਼ੋਅ ‘ਸਟਾਰ ਵਰਸਜ਼ ਫੂਡ’ ਡਿਜ਼ਨੀ ਪਲੱਸ ਹੌਟਸਟਾਰ ’ਤੇ ਦਿਖਾਇਆ ਜਾ ਰਿਹਾ ਹੈ।