ਚੰਡੀਗੜ੍ਹ, 25 ਅਗਸਤ
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਭਾਵੇਂ ਲਗਪਗ 15 ਮਹੀਨੇ ਬੀਤ ਚੁੱਕੇ ਹਨ, ਪਰ ਪ੍ਰਿਯਾਵਰਤ ਫ਼ੌਜੀ ਦੀ ਅਗਵਾਈ ਹੇਠਲੇ ਛੇ ਸ਼ੂਟਰਾਂ ਵਿੱਚੋਂ ਚਾਰਾਂ ਵੱਲੋਂ ਵਰਤੇ ਗਏ ਹਥਿਆਰ ਅਜੇ ਵੀ ਬਰਾਮਦ ਕਰਨੇ ਬਾਕੀ ਹਨ। ਇਸ ਤੋਂ ਪਹਿਲਾਂ ਆਸ ਸੀ ਕਿ ਇਸ ਮਹੀਨੇ ਦੇ ਸ਼ੁਰੂਆਤ ’ਚ ਅਜ਼ਰਬਾਇਜਾਨ ਤੋਂ ਲਿਆਂਦੇ ਗਏ ਮੁੱਖ ਸਾਜ਼ਿਸ਼ਘਾੜਿਆਂ ਵਿੱਚੋਂ ਇੱਕ ਸਚਿਨ ਥਾਪਨ ਤੋਂ ਪੁੱਛ-ਪੜਤਾਲ ਦੌਰਾਨ ਇਨ੍ਹਾਂ ਹਥਿਆਰਾਂ ਬਾਰੇ ਖੁਲਾਸਾ ਹੋ ਜਾਵੇਗਾ, ਪਰ ਚਾਰ ਹਫ਼ਤੇ ਬੀਤਣ ਬਾਅਦ ਵੀ ਹਥਿਆਰਾਂ ਬਾਰੇ ਕੁਝ ਪਤਾ ਨਹੀਂ ਲੱਗਾ। ਇਹ .30 ਬੋਰ ਅਤੇ .9ਐੱਮਐੱਮ ਪਿਸਤੌਲ ਹਨ। ਮੁਲਜ਼ਮ ਥਾਪਨ ਨੇ ਦੱਸਿਆ ਸੀ ਕਿ ਕਤਲ ਤੋਂ ਕਈ ਹਫ਼ਤੇ ਪਹਿਲਾਂ ਛੇ ਸ਼ੂਟਰਾਂ ਨੇ ਅਯੁੱਧਿਆ ਵਿੱਚ ਇੱਕ ਫਾਰਮ ਹਾਊਸ ’ਚ ਟਰੇਨਿੰਗ ਲਈ ਸੀ ਪਰ ਉਸ ਨੇ ਫ਼ੌਜੀ ਮੌਡਿਊਲ ਦੇ ਹਥਿਆਰਾਂ ਬਾਰੇ ਕੋਈ ਸੁਰਾਗ ਨਹੀਂ ਦਿੱਤਾ।
ਇਸ ਤੋਂ ਪਹਿਲਾਂ ਇਹ ਦੋਸ਼ ਲਾਇਆ ਜਾ ਰਿਹਾ ਸੀ ਕਿ ਫ਼ੌਜੀ ਜਾਂ ਬੋਲੇਰੋ ਕਾਰ ਮੋਡਿਊਲ ਸ਼ੂਟਰਾਂ ਨੇ ਵਾਰਦਾਤ ਵਾਲੀ ਥਾਂ ਤੋਂ ਭੱਜਣ ਵੇਲੇ ਸਿਰਸਾ ਜ਼ਿਲ੍ਹੇ ਵਿੱਚ ਪਹਿਲਾਂ ਤੋਂ ਹੀ ਤੈਅ ਕੀਤੀ ਗਈ ਥਾਂ ’ਤੇ ਇਹ ਹਥਿਆਰ ਲੁਕੋ ਦਿੱਤੇ ਸਨ। ਇਨ੍ਹਾਂ ਹਥਿਆਰਾਂ ਨੂੰ ਬਾਅਦ ਵਿੱਚ ਗੈਂਗਸਟਰ ਰੋਹਿਤ ਗੋਦਾਰਾ ਦੇ ਗੈਂਗ ਨੇ ਕਬਜ਼ੇ ਵਿੱਚ ਲੈ ਲਿਆ ਸੀ, ਜੋ ਹਰਿਆਣਾ ਅਤੇ ਰਾਜਸਥਾਨ ਵਿੱਚ ਸਰਗਰਮ ਹੈ। ਪੰਜਾਬ ਅਤੇ ਦਿੱਲੀ ਪੁਲੀਸ ਨੇ ਇੱਕ ਵੱਖਰੇ ਅਪਰੇਸ਼ਨ ਤਹਿਤ ਛੇ ਸ਼ੂਟਰਾਂ ਤੋਂ 15 ਹਥਿਆਰ ਬਰਾਮਦ ਕੀਤੇ ਸਨ। ਮੁਲਜ਼ਮ ਮਨੂ ਕੁੱਸਾ ਤੋਂ ਬਰਾਮਦ ਏਕੇ 47 ਅਤੇ 9 ਐੱਮਐੱਮ ਪਿਸਤੌਲਾਂ ਦੀਆਂ ਗੋਲੀਆਂ ਗਾਇਕ ਦੀ ਲਾਸ਼ ਤੇ ਘਟਨਾ ਸਥਾਨ ਤੋਂ ਮਿਲੀਆਂ ਗੋਲੀਆਂ ਨਾਲ ਮੇਲ ਖਾ ਗਈਆਂ ਸਨ ਜਦਕਿ ਹੋਰ ਮੁਲਜ਼ਮਾਂ ਵੱਲੋਂ ਵਰਤੇ ਗਏ .30 ਬੋਰ ਅਤੇ 9ਐੱਮਐੱਮ ਪਿਸਤੌਲ ਦੀ ਬਰਾਮਦਗੀ ਬਾਕੀ ਹੈ। ਕੁੱਸਾ ਤੇ ਸ਼ੂਟਰ ਰੂਪਾ ਪਿਛਲੇ ਵਰ੍ਹੇ ਜੁਲਾਈ ਵਿੱਚ ਪੰਜਾਬ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਸਨ।