ਐਸ.ਏ.ਐਸ. ਨਗਰ (ਮੁਹਾਲੀ)/ਮਾਨਸਾ, 20 ਜੂਨ

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁੱਛ-ਪੜਤਾਲ ਦੌਰਾਨ ਅਹਿਮ ਖ਼ੁਲਾਸੇ ਕੀਤੇ ਹਨ। ਸੂਤਰਾਂ ਅਨੁਸਾਰ ਲਾਰੈਂਸ ਬਿਸ਼ਨੋਈ ਨੇ ਪੜਤਾਲ ਦੌਰਾਨ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੀ ਰਿਹਾਇਸ਼ ਅਤੇ ਹੋਰ ਟਿਕਾਣਿਆਂ ਬਾਰੇ ਜਾਣਕਾਰੀ ਦੇ ਦਿੱਤੀ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਕੈਨੇਡਾ ਵਿੱਚ ਉਹ (ਗੋਲਡੀ ਬਰਾੜ) ਕਿੱਥੇ ਰਹਿੰਦਾ ਹੈ ਅਤੇ ਕਿਹੜੇ-ਕਿਹੜੇ ਵਿਅਕਤੀ ਉਸ ਦੇ ਸੰਪਰਕ ਵਿੱਚ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲਾਰੈਂਸ ਬਿਸ਼ਨੋਈ ਪਹਿਲਾਂ ਹੀ ਪੁਲੀਸ ਕੋਲ ਇਹ ਮੰਨ ਚੁੱਕਾ ਹੈ ਕਿ ਉਹ ਤਿਹਾੜ ਜੇਲ੍ਹ ’ਚੋਂ ਸਿਗਨਲ ਐਪ ਰਾਹੀਂ ਗੋਲਡੀ ਬਰਾੜ ਨਾਲ ਤਾਲਮੇਲ ਕਰਦਾ ਸੀ। ਉਧਰ, ਮਾਨਸਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਮਨਮੋਹਨ ਸਿੰਘ ਉਰਫ਼ ਮੋਹਣਾ ਨੂੰ ਵੀ ਪੁੱਛ-ਪੜਤਾਲ ਲਈ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਦਫ਼ਤਰ ਖਰੜ ਵਿੱਚ ਲਿਆਂਦਾ ਗਿਆ ਹੈ, ਜਿੱਥੇ ਉਸ ਨੂੰ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ ਪੜਤਾਲ ਕੀਤੀ ਗਈ ਹੈ। ਮੋਹਣਾ ਉੱਤੇ ਲਾਰੈਂਸ ਦੇ ਕਹਿਣ ’ਤੇ ਮੂਸੇਵਾਲਾ ਦੀ ਰੇਕੀ ਕਰਵਾਉਣ ਅਤੇ ਸ਼ੂਟਰਾਂ ਨੂੰ ਪਨਾਹ ਦੇਣ ਦਾ ਦੋਸ਼ ਹੈ। ਮੋਹਣਾ ਪਹਿਲਾਂ ਹੀ ਮਾਨਸਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਾ ਕਤਲ ਕਰਵਾਉਣ ਦਾ ਬਾਅਦ ਖ਼ੁਦ ਪ੍ਰਧਾਨ ਬਣਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਦੇ ਖ਼ਿਲਾਫ਼ 302 ਅਤੇ 307 ਸਮੇਤ ਹੋਰ ਧਾਰਾਵਾਂ ਤਹਿਤ ਕਈ ਪਰਚੇ ਦਰਜ ਹਨ। ਹਾਲਾਂਕਿ ਮੋਹਣਾ ਕਾਫ਼ੀ ਸਮੇਂ ਤੋਂ ਆਪਣਾ ਵੱਖਰਾ ਗਰੁੱਪ ਚਲਾ ਰਿਹਾ ਸੀ ਪਰ ਬਾਅਦ ਵਿੱਚ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਿਆ ਸੀ। ਪੁੱਛ-ਪੜਤਾਲ ਵਿੱਚ ਇਹ ਵੀ ਗੱਲ ਪਤਾ ਲੱਗਾ ਹੈ ਕਿ ਜਨਵਰੀ ਮਹੀਨੇ ਵਿੱਚ ਚਾਰ ਸ਼ੂਟਰਾਂ ਨੇ ਮੋਹਣਾ ਦੇ ਘਰ ਪਨਾਹ ਲਈ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਗੈਂਗਸਟਰ ਗਰੁੱਪਾਂ ਨੇ ਰੇਕੀ ਲਈ ਮਨਮੋਹਨ ਮੋਹਣਾ ਅਤੇ ਸੰਦੀਪ ਕੇਕੜਾ ਦੀ ਚੋਣ ਇਸ ਕਰ ਕੇ ਕੀਤੀ ਸੀ ਕਿਉਂਕਿ ਇਹ ਦੋਵੇਂ ਇਲਾਕੇ ਦੇ ਚੰਗੇ ਭੇਤੀ ਸਨ। ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਕੁਮਾਰ ਉਰਫ਼ ਕੇਕੜਾ ਦੀ ਜੇਲ੍ਹ ਵਿੱਚ ਕੁੱਟਮਾਰ ਹੋਣ ਤੋਂ ਬਾਅਦ ਹੁਣ ਇਸ ਮਾਮਲੇ ਨਾਲ ਸਬੰਧਤ ਜੇਲ੍ਹ ਭੇਜੇ ਸ਼ੱਕੀ ਵਿਅਕਤੀਆਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਸੰਦੀਪ ਕੇਕੜਾ ਨੂੰ ਕੁੱਟਣ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਵੱਲੋਂ ਸ਼ੋਸਲ ਮੀਡੀਆ ’ਤੇ ਲੈਣ ਤੋਂ ਬਾਅਦ ਪੁਲੀਸ ਹਰਕਤ ਵਿੱਚ ਆ ਗਈ ਹੈ ਅਤੇ ਕੁੱਟਮਾਰ ਤੋਂ ਤੁਰੰਤ ਬਾਅਦ ਕੇਕੜਾ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਉਧਰ, ਭਰੋਸੇਯੋਗ ਸੂਤਰਾਂ ਤੋਂ ਵੀ ਇਹ ਜਾਣਕਾਰੀ ਮਿਲੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਲਗਾਤਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।