ਮੁੱਲਾਂਪੁਰ ਦਾਖਾ, 9 ਜਨਵਰੀ

ਲਾਗਲੇ ਪਿੰਡ ਮੰਡਿਆਣੀ ਵਿਚ ਲੰਘੀ ਰਾਤ ਦਰਦਨਾਕ ਘਟਨਾ ਵਿਚ ਪਰਵਾਸੀ ਮਜ਼ਦੂਰ ਦੀ ਝੁੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ 6 ਬੱਚੇ ਝੁਲਸ ਗਏ ਹਨ। ਬੁਰੀ ਤਰ੍ਹਾਂ ਝੁਲਸੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ, ਜਦਕਿ ਆਪਣੀ ਜਾਨ ‘ਤੇ ਖੇਡ ਕੇ ਮਾਂ ਸੁਨੀਤਾ 4 ਬੱਚਿਆਂ ਨੂੰ ਅੱਗ ਦੀਆਂ ਤੇਜ਼ ਲਾਟਾਂ ਵਿੱਚੋਂ ਕੱਢ ਕੇ ਲਿਆਉਣ ਵਿਚ ਸਫਲ ਰਹੀ। ਬੁਰੀ ਤਰ੍ਹਾਂ ਜ਼ਖ਼ਮੀ ਇਨ੍ਹਾਂ ਬੱਚਿਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਵੀ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਹੈ। ਚਾਰ ਜ਼ਖ਼ਮੀ ਬੱਚੇ ਪੀਜੀਆਈ ਵਿਚ ਦਾਖਲ ਹਨ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਕਾਫ਼ੀ ਨਾਜ਼ੁਕ ਹੈ। ਪਰਵਾਸੀ ਮਜ਼ਦੂਰ ਭੂਦਨ ਰਾਤ ਸਮੇਂ ਮਜ਼ਦੂਰੀ ਕਰਨ ਚਲਾ ਗਿਆ ਸੀ ਅਤੇ ਮਾਂ ਸੁਨੀਤਾ ਬੱਚਿਆ ਸਮੇਤ ਝੁੱਗੀ ਵਿਚ ਸੁੱਤੀ ਪਈ ਸੀ। ਅਚਾਨਕ ਦੀਵਾ ਹੇਠਾਂ ਡਿੱਗਣ ਕਾਰਨ ਲੱਗੀ ਅੱਗ ਨੇ ਕੁਝ ਪਲਾਂ ਵਿਚ ਹੀ ਸਭ ਕੁਝ ਰਾਖ ਕਰ ਦਿੱਤਾ। ਬ੍ਰਿਜੂ (2 ਸਾਲ) ਅਤੇ ਸ਼ੁਕਲਾ (3 ਸਾਲ) ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਪਿੰਡ ਦੀ ਐਂਬੂਲੈਂਸ ਵਿਚ ਝੁਲਸੇ ਬੱਚੇ ਪੀਜੀਆਈ ਦਾਖਲ ਕਰਵਾਏ ਗਏ ਹਨ, ਜਿਨ੍ਹਾਂ ਵਿਚ ਪਰਵੀਨ (8), ਕੋਮਲ (6), ਅਮਨ (4) ਅਤੇ ਰਾਧਿਕਾ ਸ਼ਾਮਲ ਹਨ। ਇਨ੍ਹਾਂ ਵਿਚੋਂ ਪਰਵੀਨ ਅਤੇ ਕੋਮਲ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਚਾਰ ਮਹੀਨੇ ਦੀ ਇੰਦੂ ਜਿਹੜੀ ਮਾਂ ਦੀ ਗੋਦ ਵਿਚ ਸੁੱਤੀ ਸੀ ਉਹ ਬਚ ਗਈ ਹੈ।