ਚੰਡੀਗਡ਼੍ਹ, 3 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਗੈਂਗਸਟਰ ਮੁਖ਼ਤਾਰ ਅੰਸਾਰੀ ਬਾਰੇ ਕੁਝ ਪਤਾ ਨਾ ਹੋਣ ਦੇ ਦਾਅਵਿਆਂ ਦੀ ਸੱਚਾਈ ਸਾਰਿਆਂ ਸਾਹਮਣੇ ਲਿਆਉਣ ਲਈ ਰੰਧਾਵਾ ਵੱਲੋਂ ਸਾਲ 2021 ’ਚ ਕੈਪਟਨ ਨੂੰ ਲਿਖੀ ਚਿੱਠੀ ਜਨਤਕ ਕਰ ਦਿੱਤੀ ਹੈ। ਇਹ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਜਾਰੀ ਕੀਤੀ ਹੈ।
ਮਾਨ ਨੇ ਕਿਹਾ ਕਿ ਰੰਧਾਵਾ ਵੱਲੋਂ ਪਹਿਲੀ ਅਪਰੈਲ 2021 ਨੂੰ ਕੈਪਟਨ ਨੂੰ ਲਿਖੇ ਪੱਤਰ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਦੋਵੇਂ ਆਗੂ ਇਸ ਸਾਰੀ ਘਟਨਾ ਤੋਂ ਜਾਣੂ ਸਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਦੋਵੇਂ ਆਗੂ ਹੁਣ ਇਸ ਮੁੱਦੇ ਨੂੰ ਲੈ ਕੇ ਅਣਜਾਣਤਾ ਪ੍ਰਗਟਾ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸਲ ’ਚ ਇਹ ਦੋਵੇਂ ਆਗੂ ਇਸ ਖ਼ਤਰਨਾਕ ਗੈਂਗਸਟਰ ਨੂੰ ਬਚਾਉਣ ਲਈ ਇੱਕ-ਦੂਜੇ ਨਾਲ ਘਿਓ-ਖਿੱਚਡ਼ੀ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਆਗੂ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਜੇਲ੍ਹ ਵਿੱਚ ਕੌਣ ਆਇਆ ਤੇ ਕੌਣ ਨਹੀਂ। ਅਸਲੀਅਤ ਇਹ ਹੈ ਕਿ ਅੰਸਾਰੀ ਨੂੰ ਬਚਾਉਣ ਦੀ ਸਾਰੀ ਸਾਜ਼ਿਸ਼ ਉਨ੍ਹਾਂ ਨੇ ਖ਼ੁਦ ਰਚੀ ਸੀ। ਉਨ੍ਹਾਂ ਕਿਹਾ ਕਿ ਉਹ ਸਬੂਤਾਂ ਰਾਹੀਂ ਇਨ੍ਹਾਂ ਆਗੂਆਂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆਉਣਗੇ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੰਸਾਰੀ ’ਤੇ ਖਰਚੇ ਗਏ  ਲੱਖਾਂ ਰੁਪਏ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਤੋਂ ਵਸੂਲਣ ਦੇ ਅੈਲਾਨ ਤੋਂ ਬਾਅਦ ਇਹ ਮਾਮਲਾ ਭਖਿਆ ਹੋਇਆ ਹੈ।