ਮੁੰਬਈ, 22 ਜੂਨ

ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦੇ ਮੰਤਰੀ ਏਕਨਾਥ ਸ਼ਿੰਦੇ ਤੇ ਕੁੱਝ ਹੋਰ ਵਿਧਾਇਕਾਂ ਦੀ ਬਗ਼ਾਵਤ ਮਗਰੋਂ ਸੰਕਟ ਵਿੱਚ ਆਈ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਸਰਕਾਰ ਦਰਮਿਆਨ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਉਹ ਇਸ ਅਹੁਦੇ ’ਤੇ ਬਣੇ ਰਹਿਣ ਦੇ ਇੱਛੁਕ ਨਹੀਂ ਹਨ ਅਤੇ ਅਸਤੀਫ਼ਾ ਦੇਣ ਲਈ ਤਿਆਰ ਹਨ। ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸੁਨੇਹੇ ਵਿੱਚ ਊਧਵ ਨੇ ਕਿਹਾ, ‘‘ਜੋ ਮੇਰੇ ’ਤੇ ਮੁੱਖ ਮੰਤਰੀ ਵਜੋਂ ਵਧੀਆ ਪ੍ਰਦਰਸ਼ਨ ਨਾ ਕਰਨ ਜਾਂ ਹਿੰਦੂਤਵ ਦੇ ਏਜੰਡੇ ਨੂੰ ਛੱਡਣ ਦਾ ਦੋਸ਼ ਲਾ ਰਹੇ ਹਨ, ਉਹ ਅੱਗੇ ਆਉਣ ਅਤੇ ਇਸ ਸਬੰਧੀ ਮੇਰੇ ਨਾਲ ਗੱਲ ਕਰਨ।’’ ਇਸ ਦੌਰਾਨ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਬੁੱਧਵਾਰ ਸ਼ਾਮ ਨੂੰ ਮੁੱਖ ਮੰਤਰੀ ਊਧਵ ਨਾਲ ਮੁਲਾਕਾਤ ਕੀਤੀ। ਪਵਾਰ ਨਾਲ ਉਨ੍ਹਾਂ ਦੀ ਧੀ ਅਤੇ ਐੱਨਸੀਪੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਅਤੇ ਮੰਤਰੀ ਜਿਤੇਂਦਰ ਆਹਵਦ ਵੀ ਸਨ। ਊਧਵ ਠਾਕਰੇ ਕਰੋਨਾ ਤੋਂ ਪੀੜਤ ਹਨ।