ਅਮਾਨ (ਜੌਰਡਨ), 5 ਮਾਰਚ
ਸਾਬਕਾ ਜੂਨੀਅਰ ਮੁੱਕੇਬਾਜ਼ੀ ਵਿਸ਼ਵ ਚੈਂਪੀਅਨ ਸਾਕਸ਼ੀ ਚੌਧਰੀ (57 ਕਿਲੋਗ੍ਰਾਮ) ਨੇ ਏਸ਼ਿਆਈ ਓਲੰਪਿਕ ਕੁਲਾਈਫਾਇਰਸ ’ਚ ਅੱਜ ਇੱਥੇ ਏਸ਼ਿਆਈ ਚਾਂਦੀ ਦਾ ਤਗ਼ਮਾ ਜੇਤੂ ਤੇ ਚੌਥਾ ਦਰਜਾ ਹਾਸਲ ਨਿਲਾਵਨ ਟੇਕਸੁਏਪ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਥਾਂ ਪੱਕੀ ਕੀਤੀ। ਦੋ ਵਾਰ ਦੀ ਨੌਜਵਾਨ ਵਿਸ਼ਵ ਚੈਂਪੀਅਨ 19 ਸਾਲ ਦੀ ਭਾਰਤੀ ਖਿਡਾਰਨ ਨੇ ਏਸ਼ਿਆਈ ਖੇਡਾਂ ਵਿਚ ਕਾਂਸੀ ਦਾ ਤਗ਼ਮਾ ਜੇਤੂ ਥਾਈਲੈਂਡ ਦੀ ਮੁੱਕੇਬਾਜ਼ ਨੂੰ 4-1 ਨਾਲ ਹਰਾਇਆ।
ਆਖ਼ਰੀ ਅੱਠ ਵਿਚ ਉਨ੍ਹਾਂ ਦਾ ਸਾਹਮਣਾ ਕੋਰੀਆ ਦੀ ਇਮ ਏਇਜੀ ਨਾਲ 9 ਮਾਰਚ ਨੂੰ ਹੋਵੇਗਾ। ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੇ ਮੁੱਕੇਬਾਜ਼ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਜਾਣਗੇ। ਮੁਕਾਬਲੇ ਦੇ ਸ਼ੁਰੂਆਤੀ ਦੌਰ ਵਿਚ ਸਾਕਸ਼ੀ ਨੇ ਆਪਣਾ ਦਬਦਬਾ ਬਣਾਇਆ ਪਰ ਟੇਕਸੁਏਪ ਨੇ ਦੂਜੇ ਗੇੜ ਵਿਚ ਪਲਟਵਾਰ ਕਰਦਿਆਂ ਸਾਕਸ਼ੀ ਨੂੰ ਬੈਕਫੁਟ ’ਤੇ ਕਰ ਦਿੱਤਾ। ਸਾਕਸ਼ੀ ਨੇ ਆਖ਼ਰੀ ਤਿੰਨ ਮਿੰਟ ਵਿਚ ਹਮਲਾਵਰ ਰੁਖ਼ ਅਖ਼ਤਿਆਰ ਕਰਦਿਆਂ ਥਾਈਲੈਂਡ ਦੀ ਮੁੱਕੇਬਾਜ਼ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ। ਸਾਕਸ਼ੀ ਨੇ ਬਾਊਟ ਤੋਂ ਬਾਅਦ ਕਿਹਾ ਕਿ ਉਸ ਨੇ ਜਵਾਬੀ ਹਮਲਾ ਕਰਨ ਦੀ ਰਣਨੀਤੀ ਅਪਣਾਈ ਅਤੇ ਲੱਗਦਾ ਹੈ ਕਿ ਉਸ ਕੋਲ ਕੋਈ ਹੋਰ ਤੋੜ ਨਹੀਂ ਸੀ। ਕੋਚਾਂ ਨੇ ਰਣਨੀਤੀ ’ਤੇ ਬਣੇ ਰਹਿਣ ਲਈ ਕਿਹਾ ਸੀ ਤੇ ਉਸ ਨੇ ਅਜਿਹਾ ਹੀ ਕੀਤਾ।