ਮੁੰਬਈ— ਮੁੰਬਈ ਸਿਟੀ ਐੱਫ.ਸੀ. ਨੇ ਸੈਂਟਰਲ ਡਿਫੈਂਡਰ ਰੋਮਾਨੀਆ ਦੇ ਲੁਸੀਅਨ ਗੋਈਅਨ ਨੂੰ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਫੁੱਟਬਾਲ ਟੂਰਨਾਮੈਂਟ ਦੇ ਅਗਲੇ 2 ਸੈਸ਼ਨਾਂ ਦੇ ਲਈ ਆਪਣੀ ਟੀਮ ਵਿਚ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਆਪਣੇ ਤਜਰਬੇ ਅਤੇ ਪਿਛਲੇ ਸੈਸ਼ਨ ਵਿਚ ਪ੍ਰਦਰਸ਼ਨ ਦੇ ਲਈ ਲੁਸੀਅਨ ਨੂੰ ਟੀਮ ਦੇ ਤਿੰਨ ਚੋਟੀ ਦੇ ਡਿਫੈਂਡਰਾਂ ਵਿਚ ਗਿਣਿਆ ਜਾਂਦਾ ਹੈ। ਲੁਸੀਅਨ ਤੋਂ ਇਲਾਵਾ ਅਮਰਿੰਦਰ ਸਿੰਘ ਅਤੇ ਸ਼ਹਿਨਾਜ਼ ਸਿੰਘ ਨੂੰ ਵੀ ਮੁੰਬਈ ਸਿਟੀ ਐੱਫ.ਸੀ. ਨੇ ਆਪਣੀ ਟੀਮ ਵਿਚ ਬਰਕਰਾਰ ਰਖਿਆ ਹੈ।
ਇਸ ਤੋਂ ਇਲਾਵਾ ਟੀਮ ਨੇ ਘਰੇਲੂ ਖਿਡਾਰੀਆਂ ਵਿਚ ਵੀ ਕਈ ਪ੍ਰਤਿਭਾਸ਼ਾਲੀ ਫੁੱਟਬਾਲਰਾਂ ਨੂੰ ਹਾਲ ਹੀ ‘ਚ ਸੰਪੰਨ ਪਲੇਅਰਸ ਡਰਾਫਟ ਦੇ ਜ਼ਰੀਏ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। 34 ਸਾਲਾ ਲੁਸੀਅਨ ਰੋਮਾਨੀਆ ਦੀ ਅੰਡਰ-21 ਟੀਮ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਆਪਣੇ ਕਰੀਅਰ ਵਿਚ ਲੰਬੇ ਸਮੇਂ ਤੱਕ ਰੋਮਾਨੀਆ ਦੇ ਚੋਟੀ ਦੇ ਕਲੱਬਾਂ ਵੱਲੋਂ ਖੇਡੇ ਅਤੇ 2 ਵਾਰ ਰੋਮਾਨੀਆ ਕੱਪ ਦੇ ਜੇਤੂ ਰਹੇ। ਮੁੰਬਈ ਦੇ ਨਾਲ ਬਰਕਰਾਰ ਰਹਿਣ ‘ਤੇ ਫੁੱਟਬਾਲਰ ਨੇ ਕਿਹਾ, ਮੁੰਬਈ ਵਿਚ ਵਾਪਸੀ ਕਰ ਕੇ ਬਹੁਤ ਖੁਸ਼ ਹਾਂ। ਮੇਰਾ ਕੋਚ ਐਲੇਕਸ ਦੇ ਨਾਲ ਚੰਗਾ ਤਜਰਬਾ ਰਿਹਾ ਹੈ। ਟੀਮ ਦੇ ਪ੍ਰਸ਼ੰਸਕ, ਕਲੱਬ ਮਾਲਕਾਂ ਅਤੇ ਪ੍ਰਬੰਧਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਮੈਂ ਹੀ ਨਹੀਂ ਮੇਰਾ ਪਰਿਵਾਰ ਵੀ ਇੱਥੇ ਵਾਪਸ ਆ ਕੇ ਖੁਸ਼ ਹੋਵੇਗਾ। ਜਦਕਿ ਟੀਮ ਦੇ ਸਹਿ ਮਾਲਕ ਰਣਬੀਰ ਕਪੂਰ ਨੇ ਵੀ ਲੁਸੀਅਨ ਦੀ ਵਾਪਸੀ ‘ਤੇ ਖੁਸ਼ੀ ਜਤਾਈ ਹੈ।