ਬੰਗਲੌਰ, ਅਦਿਤਿਆ ਤਾਰੇ ਦੇ ਸ਼ਾਨਦਾਰ ਨੀਮ ਸੈਂਕੜੇ ਦੀ ਬਦੌਲਤ ਮੁੰਬਈ ਨੇ ਦਿੱਲੀ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਅੱਜ ਤੀਜੀ ਵਾਰ ਵਿਜੈ ਹਜ਼ਾਰੇ ਟਰਾਫੀ ਜਿੱਤ ਲਈ ਹੈ। ਘਰੇਲੂ ਕ੍ਰਿਕਟ ਦੀਆਂ ਦੋ ਸੀਨੀਅਰਾਂ ਟੀਮਾਂ ਵਿਚਾਲੇ ਖੇਡੇ ਗਏ ਫਾਈਨਲ ਵਿੱਚ ਤਾਰੇ (89 ਗੇਂਦਾਂ ਵਿੱਚ 71 ਦੌੜਾਂ) ਅਤੇ ਸਿਧੇਸ਼ ਲਾਡ (68 ਗੇਂਦਾਂ ’ਤੇ 48 ਦੌੜਾਂ) ਦੀਆਂ ਪਾਰੀਆਂ ਤੋਂ ਪਹਿਲਾਂ ਮੁਕਾਬਲਾ ਬਰਾਬਰੀ ਦਾ ਲੱਗ ਰਿਹਾ ਸੀ। ਮੁੰਬਈ ਨੇ 178 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚਾਰ ਵਿਕਟਾਂ ’ਤੇ 40 ਦੌੜਾਂ ਬਣਾਉਣ ਦੇ ਚੱਕਰ ਵਿੱਚ ਹੀ ਗੁਆ ਲਈਆਂ ਸਨ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਪੰਜਵੀਂ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤਰ੍ਹਾਂ ਮੁੰਬਈ ਨੇ 35 ਓਵਰਾਂ ਵਿੱਚ ਛੇ ਵਿਕਟਾਂ ’ਤੇ 180 ਦੌੜਾਂ ਬਣਾ ਕੇ 2006-07 ਮਗਰੋਂ ਪਹਿਲੀ ਵਾਰ ਇੱਕ ਰੋਜ਼ਾ ਟੂਰਨਾਮੈਂਟ ਜਿੱਤ ਲਿਆ।
ਦਿੱਲੀ ਦੀ ਟੀਮ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ 45.4 ਓਵਰਾਂ ਵਿੱਚ 177 ਦੌੜਾਂ ’ਤੇ ਆਊਟ ਹੋ ਗਈ ਸੀ। ਉਸ ਵੱਲੋਂ ਹਿੰਮਤ ਸਿੰਘ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ। ਮੁੰਬਈ ਦੇ ਮੀਡੀਅਮ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ (30 ਦੌੜਾਂ ਦੇ ਕੇ ਦੋ ਵਿਕਟਾਂ), ਧਵਲ ਕੁਲਕਰਨੀ (30 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਸ਼ਿਵਮ ਦੂਬੇ (29 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਦਿੱਲੀ ਨੂੰ ਛੋਟੇ ਜਿਹੇ ਸਕੋਰ ’ਤੇ ਢੇਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਰਣਜੀ ਟਰਾਫੀ ਵਿੱਚ 41 ਵਾਰ ਚੈਂਪੀਅਨ ਰਹੀ ਮੁੰਬਈ ਨੇ ਤੀਜੀ ਵਾਰ ਵਿਜੈ ਹਜ਼ਾਰੇ ਟਰਾਫੀ ਜਿੱਤੀ ਹੈ। ਇਸ ਤੋਂ ਪਹਿਲਾਂ ਉਸ ਨੇ 2003-04 ਅਤੇ 2006-06 ਵਿੱਚ ਖ਼ਿਤਾਬ ਜਿੱਤਿਆ ਸੀ। ਦਿੱਲੀ 2012-13 ਵਿੱਚ ਚੈਂਪੀਅਨ ਬਣੀ ਸੀ, ਪਰ ਉਸ ਨੂੰ ਦੂਜੀ ਵਾਰ ਉਪ ਜੇਤੂ ਰਹਿ ਕੇ ਸਬਰ ਕਰਨਾ ਪਿਆ।