ਮੁੰਬਈ: ਇੱਕ ਵਾਰ ਫਿਰ ਫਲਾਈਟ ਨੂੰ ਬੰਬ ਦੀ ਧਮਕੀ ਮਿਲਣੀ ਸ਼ੁਰੂ ਹੋ ਗਈ ਹੈ। ਮੁੰਬਈ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਬੰਬ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਪਾਇਲਟ ਨੇ ਆਪਣਾ ਰੂਟ ਬਦਲ ਲਿਆ ਅਤੇ ਫਲਾਈਟ ਨੂੰ ਵਾਪਿਸ ਮੁੰਬਈ ਲੈ ਆਇਆ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਿਊਯਾਰਕ ਦੇ ਜੌਹਨ ਐੱਫ ਕੈਨੇਡੀ ਹਵਾਈ ਅੱਡੇ ਤੱਕ ਦਾ ਸਫਰ ਕਰਨ ‘ਚ ਕਰੀਬ 15 ਘੰਟੇ ਲੱਗਦੇ ਹਨ।

ਜਦੋਂ ਏਅਰ ਇੰਡੀਆ ਦਾ ਬੋਇੰਗ 350 ਜਹਾਜ਼ ਅਜ਼ਰਬਾਈਜਾਨ ਦੇ ਉੱਪਰ ਉਡਾਣ ਭਰ ਰਿਹਾ ਸੀ ਤਾਂ ਜਹਾਜ਼ ਦੇ ਕਰੂ ਮੈਂਬਰਾਂ ਨੂੰ ਇਹ ਧਮਕੀ ਮਿਲੀ। ਜਹਾਜ਼ ਦੇ ਮੁੰਬਈ ਪਰਤਣ ਤੋਂ ਬਾਅਦ ਬੰਬ ਦਾ ਪਤਾ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਹਾਲਾਂਕਿ ਅਜੇ ਤੱਕ ਜਾਂਚ ‘ਚ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਇਹ ਸਿਰਫ਼ ਇੱਕ ਝੂਠੀ ਧਮਕੀ ਸੀ।ਏਅਰ ਇੰਡੀਆ ਦਾ ਕਹਿਣਾ ਹੈ ਕਿ ਹੁਣ ਇਹ ਫਲਾਈਟ ਕੱਲ੍ਹ ਸਵੇਰੇ 5 ਵਜੇ ਉਡਾਣ ਭਰੇਗੀ। ਯਾਤਰੀਆਂ ਨੂੰ ਆਰਾਮ ਕਰਨ ਦੀ ਥਾਂ, ਭੋਜਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਏਅਰ ਇੰਡੀਆ ਨੇ ਕਿਹਾ ਕਿ 10 ਮਾਰਚ, 2025 ਨੂੰ ਮੁੰਬਈ ਤੋਂ ਨਿਊਯਾਰਕ ਤੱਕ ਏਆਈ-119 ‘ਤੇ ਸੁਰੱਖਿਆ ਖਤਰੇ ਦਾ ਪਤਾ ਲੱਗਾ ਸੀ। ਪ੍ਰੋਟੋਕੋਲ ਦੇ ਅਨੁਸਾਰ, ਫਲਾਈਟ ਵਿੱਚ ਸਵਾਰ ਸਾਰੇ ਲੋਕਾਂ ਦੀ ਸੁਰੱਖਿਆ ਦੇ ਹਿੱਤ ਵਿੱਚ ਜਹਾਜ਼ ਨੂੰ ਵਾਪਿਸ ਮੁੰਬਈ ਬੁਲਾਇਆ ਗਿਆ ਸੀ। ਰਾਤ 10.25 ‘ਤੇ ਫਲਾਈਟ ਮੁੰਬਈ ‘ਚ ਸੁਰੱਖਿਅਤ ਉਤਰ ਗਈ। ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।