ਨਵੀਂ ਦਿੱਲੀ:ਭਾਰਤ ਦਾ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਸੰਨਿਆਸ ਲੈਣ ਦਾ ਫੈਸਲਾ ਬਦਲ ਕੇ ਕ੍ਰਿਕਟ ਟੂਰਨਾਮੈਂਟ ਖੇਡ ਰਿਹਾ ਹੈ। ਉਸ ਦੀ ਸੱਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਵਿਚ ਪੰਜਾਬ ਦੇ ਸੰਭਾਵਿਤ 30 ਖਿਡਾਰੀਆਂ ਵਿਚ ਚੋਣ ਕੀਤੀ ਗਈ ਹੈ। ਵਿਸ਼ਵ ਕੱਪ-2011 ਦੇ ਪਲੇਅਰ ਆਫ ਦਿ ਟੂਰਨਾਮੈਂਟ ਯੁਵਰਾਜ ਸਿੰਘ ਨੇ ਪਿਛਲੇ ਸਾਲ ਜੂਨ ਵਿਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਪਰ ਪੰਜਾਬ ਕ੍ਰਿਕਟ ਸੰਘ ਦੇ ਸਕੱਤਰ ਪੁਨੀਤ ਬਾਲੀ ਦੇ ਜ਼ੋਰ ਪਾਉਣ ’ਤੇ ਉਹ ਆਪਣੇ ਸੂਬੇ ਵਲੋਂ ਖੇਡਣ ਲਈ ਤਿਆਰ ਹੋ ਗਿਆ ਹੈ। ਭਾਰਤ ਲਈ 304 ਇਕ ਦਿਨਾ ਮੈਚ, 40 ਟੈਸਟ ਤੇ 58 ਟੀ-20 ਮੈਚ ਖੇਡ ਚੁੱਕਿਆ ਯੁਵਰਾਜ ਮੁਹਾਲੀ ਦੇ ਪੀਸੀਏ ਵਿਚ ਅਭਿਆਸ ਕਰ ਰਿਹਾ ਹੈ।