ਚੰਡੀਗੜ੍ਹ,ਪੰਜਾਬ ਦੇ ਮੁਲਾਜ਼ਮਾਂ ਨੇ ਅੱਜ ਸੈਕਟਰ 17 ਵਿੱਚ ਭਾਰੀ ਰੈਲੀ ਕਰਕੇ ਕੈਪਟਨ ਸਰਕਾਰ ਨੂੰ ਚੁਫੇਰਿਓਂ ਘੇਰਨ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਠੇਕਾ ਮੁਲਾਜ਼ਮਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਮੀਟਿੰਗ ਤੈਅ ਕਰਵਾਉਣ ਵਾਲਿਆਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ ਅਤੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਵੱਲੋਂ ਮੁਲਾਕਾਤ ਕਰਨ ਤੋਂ ਵੀ ਪਾਸਾ ਵੱਟਣ ਦੇ ਰੋਸ ਵਜੋਂ 18 ਫਰਵਰੀ ਨੂੰ ਉਨ੍ਹਾਂ ਦੇ ਸ਼ਹਿਰ ਦੀਨਾਨਗਰ ਵੱਲ ਚਾਲੇ ਪਾਉਣ ਦਾ ਐਲਾਨ ਕਰ ਦਿੱਤਾ ਹੈ।
ਅੱਜ ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ ਸੈਕਟਰ 17 ਵਿੱਚ ਰੈਲੀ ਕਰਕੇ ਕਿ ਇਸ ਸਰਕਾਰ ਨੂੰ ਮੁਲਾਜ਼ਮਾਂ ਦੀ ਦੋਖੀ ਸਰਕਾਰ ਗਰਦਾਨਿਆ। ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਆਪਣੇ ਚੋਣ ਮਨੋਰਥ ਪੱਤਰ ਨੂੰ ਬੇਦਾਵਾ ਦੇ ਗਈ ਹੈ ਅਤੇ ਮੰਗਾਂ ਮੰਨਣੀਆਂ ਤਾਂ ਦੂਰ ਦੀ ਗੱਲ ਤਨਖਾਹਾਂ ਦੇਣ ਤੋਂ ਵੀ ਹੱਥ ਖੜੇ ਕਰਦੀ ਜਾ ਰਹੀ ਹੈ। ਪੰਜਾਬ ਤੇ ਯੂਟੀ ਦੇ ਮੁਲਾਜ਼ਮਾਂ ਦੀ ਐਕਸ਼ਨ ਕਮੇਟੀ ਦੇ ਬੈਨਰ ਹੇਠ ਹੋਈ ਰੈਲੀ ਵਿਚ ਸਰਕਾਰ ਨੂੰ ਚੁਫੇਰਿਓਂ ਘੇਰਨ ਅਤੇ 21 ਫਰਵਰੀ ਨੂੰ ਵਿਕਾਸ ਭਵਨ ਮੁਹਾਲੀ ਮੂਹਰੇ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਕਰਤਾਰ ਸਿੰਘ ਪਾਲ, ਗੁਰਮੇਲ ਸਿੰਘ ਸਿੱਧੂ, ਸੁਖਵਿੰਦਰ ਸਿੰਘ, ਨਵਰਾਜ ਸਿੰਘ, ਜਗਦੇਵ ਕੌਲ, ਸੁਰਿੰਦਰ ਸੂਦ, ਗਿਆਨ ਸਿੰਘ, ਲਾਭ ਸਿੰਘ, ਜਗਜੀਵਨ ਸਿੰਘ, ਰੰਜੀਵ ਸ਼ਰਮਾ, ਸੁਖਚੈਨ ਸਿੰਘ, ਅਮਰਜੀਤ ਸਿੰਘ ਰਜਿੰਦਰ ਕੁਮਾਰ, ਰਘਬੀਰ ਸਿੰਘ ਸੰਧੂ, ਰਣਬੀਰ ਢਿੱਲੋਂ ਆਦਿ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਜਿਥੇ 22 ਮਹੀਨਿਆਂ ਦਾ ਬਕਾਇਆ ਦੱਬੀ ਬੈਠੀ ਹੈ ਉਥੇ ਜਨਵਰੀ ਤੇ ਜੁਲਾਈ 2017 ਦੀਆਂ ਦੋ ਡੀਏ ਦੀਆਂ ਕਿਸ਼ਤਾਂ ਦੇਣ ਤੋਂ ਵੀ ਭੱਜ ਗਈ ਹੈ। 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵੀ ਕੀਤੇ ਵਾਅਦੇ ਦੇ ਉਲਟ ਖੂਹ ਖਾਤੇ ਪਾ ਦਿੱਤੀ ਹੈ। ਸਰਕਾਰ ਨੇ ਖਜ਼ਾਨਾ ਦਫਤਰਾਂ ਉਪਰ ਰੋਕਾਂ ਲਾਈਆਂ ਪਈਆਂ ਹਨ ਅਤੇ ਮੁਲਾਜ਼ਮਾਂ ਦੇ ਬੱਚਿਆਂ ਦੇ ਵਿਆਹਾਂ, ਪੜ੍ਹਾਈ ਅਤੇ ਬਿਮਾਰੀਆਂ ਦੇ ਬਿੱਲ ਵੀ ਪਾਸ ਨਹੀਂ ਕੀਤੇ ਜਾ ਰਹੇ। ਇਸੇ ਦੌਰਾਨ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਨੇ ਕੈਪਟਨ ਦੀਆਂ ਵਾਅਦਾਖਿਲਾਫੀਆਂ ਵਿਰੁੱਧ 17 ਫਰਵਰੀ ਤੋਂ ‘ਕੈਪਟਨ ਮਿਲਾਓ ਤੇ ਇਨਾਮ ਪਾਓ’ ਮੁਹਿੰਮ ਛੇੜਨ ਦਾ ਐਲਾਨ ਕਰ ਦਿੱਤਾ ਹੈ। ਐਕਸ਼ਨ ਕਮੇਟੀ ਦੇ ਸਕੱਤਰ ਜਨਰਲ ਅਸ਼ੀਸ਼ ਜੁਲਾਹਾ ਨੇ ਅੱਜ ਇਹ ਐਲਾਨ ਕਰਦਿਆਂ ਰੋਸ ਪ੍ਰਗਟ ਕੀਤਾ ਕਿ ਚੋਣਾਂ ਦੌਰਾਨ ਮੁੱਖ ਮੰਤਰੀ ਨੇ 11 ਮਹੀਨਿਆਂ ਦੌਰਾਨ ਮੀਟਿੰਗ ਦਾ ਸਮਾਂ ਵੀ ਨਹੀਂ ਦਿੱਤਾ। ਜਿਸ ਦੇ ਵਿਰੋਧ ਵਿਚ 17 ਫਰਵਰੀ ਨੂੰ ਜ਼ਿਲ੍ਹਾ ਗੁਰਦਾਸਪੁਰ, ਜਲੰਧਰ, ਮੁਹਾਲੀ ਅਤੇ ਬਠਿੰਡਾ ਵਿੱਚ ਮਾਰਚ ਕਰਕੇ ਕੈਪਟਨ, ਸ੍ਰੀ ਜਾਖੜ ਅਤੇ ਰਾਹੁਲ ਕੋਲੋਂ ਮੀਟਿੰਗ ਦਾ ਸਮਾਂ ਦਿਵਾਉਣ ਵਾਲਿਆਂ ਲਈ ਇਨਾਮੀ ਰਾਸ਼ੀ ਐਲਾਨੀ ਜਾਵੇਗੀ। ਜੇ ਫਿਰ ਵੀ ਸਰਕਾਰ ਦੀਆਂ ਅੱਖਾਂ ਨਾ ਖੁਲ੍ਹੀਆਂ ਤਾਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਸਾਂਝਾ ਅਧਿਆਪਕ ਮੋਰਚਾ ਨੇ ਵੀ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ 18 ਫਰਵਰੀ ਨੂੰ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਸ਼ਹਿਰ ਦੀਨਾਨਗਰ ਵਿਚ ਝੰਡਾ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ। ਮੋਰਚੇ ਦੇ ਆਗੂ ਸੁਖਵਿੰਦਰ ਚਾਹਲ ਨੇ ਦੱਸਿਆ ਕਿ ਸਿੱਖਿਆ ਮੰਤਰੀ ਉਨ੍ਹਾਂ ਨਾਲ ਮੀਟਿੰਗ ਕਰਨ ਲਈ ਵੀ ਤਿਆਰ ਨਹੀਂ ਹੈ।