ਐਸ.ਏ.ਐਸ. ਨਗਰ (ਮੁਹਾਲੀ), 7 ਸਤੰਬਰ
ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅੱਜ ਉਨ੍ਹਾਂ ਨੂੰ ਹਾਈ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ। ਸੈਣੀ ਨੇ ਪਿਛਲੇ ਦਿਨੀਂ ਧਾਰਾ 302 ਵਿੱਚ ਅਗਾਊਂ ਜ਼ਮਾਨਤ ਲੈਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ। ਪਹਿਲੇ ਜੱਜ ਜਸਟਿਸ ਸੁਵੀਰ ਸਹਿਗਲ ਨੇ ਸਾਬਕਾ ਪੁਲੀਸ ਮੁਖੀ ਦੇ ਕੇਸ ਤੋਂ ਖ਼ੁਦ ਨੂੰ ਅਲੱਗ ਕਰ ਲਿਆ ਸੀ, ਜਿਸ ਕਾਰਨ ਅੱਜ ਜਸਟਿਸ ਫਤਿਹਦੀਪ ਸਿੰਘ ਦੇ ਸਿੰਗਲ ਬੈਂਚ ਨੇ ਸੈਣੀ ਦੀ ਅਗਾਊਂ ਜ਼ਮਾਨਤ ਅਤੇ ਮੁਹਾਲੀ ਦੇ ਮਟੌਰ ਥਾਣੇ ਵਿੱਚ ਦਰਜ ਅਪਰਾਧਿਕ ਕੇਸ ਦੀ ਜਾਂਚ ਪੰਜਾਬ ਪੁਲੀਸ ਤੋਂ ਵਾਪਸ ਲੈ ਕੇ ਸੀਬੀਆਈ ਜਾਂ ਪੰਜਾਬ ਤੋਂ ਬਾਹਰ ਕਿਸੇ ਹੋਰ ਏਜੰਸੀ ਹਵਾਲੇ ਕਰਨ ਦੇ ਮਾਮਲੇ ਦੀ ਸੁਣਵਾਈ ਕੀਤੀ। ਦੋਵੇਂ ਮਾਮਲਿਆਂ ਬਾਰੇ ਅਦਾਲਤ ਵਿੱਚ ਕਰੀਬ ਪੌਣੇ ਪੰਜ ਘੰਟੇ ਲਗਾਤਾਰ ਸੁਣਵਾਈ ਚੱਲੀ। ਇਸ ਦੌਰਾਨ ਦੋਵਾਂ ਧਿਰਾਂ ਦੇ ਵਕੀਲਾਂ ਵਿੱਚ ਜ਼ਬਰਦਸਤ ਬਹਿਸ ਹੋਈ।
ਸਵੇਰੇ ਸਵਾ 11 ਵਜੇ ਸ਼ੁਰੂ ਹੋਈ ਸੁਣਵਾਈ ਸ਼ਾਮ ਸਵਾ ਚਾਰ ਵਜੇ ਤੱਕ ਚੱਲੀ। ਪਹਿਲਾਂ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਜਿਰ੍ਹਾ ਹੋਈ। ਇਸ ਮਗਰੋਂ ਸੈਣੀ ਦੀ ਪਟੀਸ਼ਨ ਕੀ ਪੰਜਾਬ ਪੁਲੀਸ ਤੋਂ ਜਾਂਚ ਵਾਪਸ ਲੈ ਕੇ ਸੀਬੀਆਈ ਜਾਂ ਪੰਜਾਬ ਤੋਂ ਬਾਹਰ ਕਿਸੇ ਹੋਰ ਏਜੰਸੀ ਨੂੰ ਸੌਂਪੀ ਜਾਵੇ, ਬਾਰੇ ਸੁਣਵਾਈ ਹੋਈ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਭਲਕੇ ਮੰਗਲਵਾਰ ਤੱਕ ਲਈ ਰਾਖਵਾਂ ਰੱਖ ਲਿਆ। ਉਂਜ ਅੱਜ ਹਾਈ ਕੋਰਟ ਨੇ ਸੈਣੀ ਨੂੰ ਕੋਈ ਆਰਜ਼ੀ ਰਾਹਤ ਵੀ ਨਹੀਂ ਦਿੱਤੀ।