ਮੁਹਾਲੀ, 26 ਅਕਤੂਬਰ
ਇਥੋਂ ਦੇ ਵਸਨੀਕ ਅਤੇ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਪੁਲੀਸ ਜਾਂਚ ਵਿੱਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਆਪਣੇ ਵਕੀਲਾਂ ਨਾਲ ਮਟੌਰ ਥਾਣੇ ਪਹੁੰਚੇ। ਪਿਛਲੇ ਦਿਨੀਂ ਮਟੌਰ ਥਾਣੇ ਦੇ ਐਸਐਚਓ ਵੱਲੋਂ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਸਾਬਕਾ ਡੀਜੀਪੀ ਵਕੀਲਾਂ ਅਤੇ ਸੁਰੱਖਿਆ ਅਮਲੇ ਨਾਲ ਸਵੇਰੇ ਕਰੀਬ ਸਵਾ 11 ਵਜੇ ਮਟੌਰ ਥਾਣੇ ਪਹੁੰਚੇ। ਉਨ੍ਹਾਂ ਨੇ ਆਪਣੀ ਇਨੋਵਾ ਗੱਡੀ ਥਾਣੇ ਦੇ ਬਾਹਰ ਖੜੀ ਕੀਤੀ ਅਤੇ ਪੈਦਲ ਚੱਲ ਕੇ ਅੰਦਰ ਗਏ। ਥਾਣੇ ਵਿੱਚ ਸਿੱਟ ਦੇ ਮੁਖੀ ਤੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਸੈਣੀ ਤੋਂ ਪੁੱਛਗਿੱਛ ਕੀਤੀ। ਹਾਲਾਂਕਿ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਚਾਰ ਵਾਰ ਨੋਟਿਸ ਭੇਜਿਆ ਗਿਆ, ਪਰੰਤੂ ਉਹ ਸਿਰਫ਼ ਦੋ ਵਾਰ ਹੀ ਸਿੱਟ ਅੱਗੇ ਪੇਸ਼ ਹੋਏ ਹਨ। ਹਾਲ ਦੀ ਘੜੀ ਪੁੱਛਗਿੱਛ ਜਾਰੀ ਹੈ। ਸਿੱਟ ਅੱਗੇ ਪੇਸ਼ ਹੋਣ ਤੋਂ ਪਹਿਲਾਂ ਮੀਡੀਆ ਕਰਮੀਆਂ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਮੀਡੀਆ ਦੇ ਸਵਾਲਾਂ ਤੋਂ ਬਚਦੇ ਹੋਏ ਥਾਣੇ ਅੰਦਰ ਚਲੇ ਗਏ।