ਨਵੀਂ ਦਿੱਲੀ, 5 ਨਵੰਬਰ
ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ(ਪੀਐੱਮਜੀਕੇਏਵਾਈ) ਤਹਿਤ ਰਾਸ਼ਨ ਕਾਰਡਧਾਰਕਾਂ ਨੂੰ ਮਿਲਦੀ ਮੁਫ਼ਤ ਰਾਸ਼ਨ ਸਕੀਮ ਨੂੰ 30 ਨਵੰਬਰ ਤੋਂ ਬਾਅਦ ਵੀ ਜਾਰੀ ਰੱਖਣ ਬਾਰੇ ਹਾਲ ਦੀ ਘੜੀ ਕੋਈ ਤਜਵੀਜ਼ ਨਹੀਂ ਹੈ। ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇੇ ਕਿਹਾ ਕਿ ਅਰਥਚਾਰੇ ਦੇ ਪੈਰਾਂ ਸਿਰ ਹੋਣ ਤੇ ਖੁਰਾਕੀ ਅਨਾਜਾਂ ਦੇ ਖੁੱਲ੍ਹੀ ਮਾਰਕੀਟ ਵਿਕਰੀ ਸਕੀਮ ਦੇ ਚੰਗੇ ਨਤੀਜੇ ਮਿਲਣ ਕਰਕੇ ਇਹ ਫੈਸਲਾ ਲਿਆ ਗਿਆ ਹੈ। ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸ਼ੁਰੂਆਤ ਵਿੱਚ ਪਹਿਲੇ ਤਿੰਨ ਮਹੀਨਿਆਂ (ਅਪਰੈਲ ਤੋਂ ਜੂਨ 2020) ਤੱਕ ਪੀਐੱਮਜੀਕੇਏ ਸਕੀਮ ਤਹਿਤ ਵਧੀਕ ਮੁਫ਼ਤ ਲਾਭ ਦੇਣ ਦਾ ਫੈਸਲਾ ਕੀਤਾ ਸੀ, ਪਰ ਸੰਕਟ ਜਾਰੀ ਰਹਿਣ ਕਰਕੇ ਇਸ ਪ੍ਰੋਗਰਾਮ ਨੂੰ ਪੰਜ ਮਹੀਨਿਆਂ (ਜੁਲਾਈ-ਨਵੰਬਰ 2020) ਲਈ ਵਧਾ ਦਿੱਤਾ ਗਿਆ ਸੀ। ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਮੁੜ ਦੋ ਮਹੀਨਿਆਂ (ਮਈ ਤੋਂ ਜੂਨ 2021) ਲਈ ਸ਼ੁਰੂ ਕੀਤਾ ਗਿਆ ਤੇ ਫਿਰ ਇਸ ਵਿੱਚ ਹੋਰ ਪੰਜ ਮਹੀਨਿਆਂ (ਜੁਲਾਈ-ਨਵੰਬਰ 2021) ਲਈ ਵਾਧਾ ਕਰ ਦਿੱਤਾ ਗਿਆ।