ਮੁਕੇਰੀਆਂ,
ਇੱਥੋਂ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਗਏ ਮੁਕੇਰੀਆਂ ਹਲਕੇ ਦੇ ਵਿਦਿਆਰਥੀ ਸਾਥੀਆਂ ਸਮੇਤ ਬਿਜਲੀ ਤੇ ਪਾਣੀ ਤੋਂ ਵਾਂਝੇ ਬੰਕਰਾਂ ਵਿੱਚ ਰਹਿ ਰਹੇ ਹਨ। ਬੰਕਰਾਂ ਦੇ ਬਾਹਰ ਬਰਫ਼ ਪਈ ਹੋਈ ਹੈ ਅਤੇ ਬੰਬਾਰੀ ਕਾਰਨ ਬੱਚਿਆਂ ਦੀ ਜਾਨ ਖਤਰੇ ਵਿੱਚ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਇੰਜਨੀਅਰ ਸਤਨਾਮ ਸਿੰਘ ਧਨੋਆ ਨੇ ਦੱਸਿਆ ਕਿ ਮੈਡੀਕਲ ਦੀ ਪੜ੍ਹਾਈ ਕਰਨ ਖਾਰਕੀਵ ਗਈ ਉਨ੍ਹਾਂ ਦੀ ਭਤੀਜੀ ਜੈਸਮੀਨ ਸਮੇਤ 35 ਹੋਰ ਵਿਦਿਆਰਥੀ ਬੰਕਰ ਵਿੱਚ ਫਸੇ ਹੋਏ ਹਨ। ਬੀਤੀ ਰਾਤ ਜੈਸਮੀਨ ਤੇ ਮੁਕੇਰੀਆਂ ਤੋਂ ਇੱਕ ਹੋਰ ਲੜਕੀ ਗੁਰਲੀਨਪਾਲ ਕੌਰ ਨੇ ਫੋਨ ਰਾਹੀਂ ਦੱਸਿਆ ਕਿ ਉਨ੍ਹਾਂ ਕੋਲ ਖਾਣ-ਪੀਣ ਅਤੇ ਠੰਢ ਤੋਂ ਬਚਣ ਲਈ ਕੋਈ ਸਾਮਾਨ ਨਹੀਂ ਹੈ। ਦੋਵੇਂ ਬੱਚੀਆਂ ਐੱਮਬੀਬੀਐੱਸ ਦੇ ਚੌਥੇ ਸਾਲ ਦੀਆਂ ਵਿਦਿਆਰਥਣਾਂ ਹਨ, ਜੋ ਖਾਰਕੀਵ ਦੇ ਇੱਕ ਰੇਲਵੇ ਸਟੇਸ਼ਨ ਦੀ ਬੰਕਰ ਵਿੱਚ ਬੰਦ ਹਨ। ਬੱਚੀਆਂ ਵੱਲੋਂ ਭੇਜੀ ਗਈ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਬੰਕਰ ਦੇ ਆਸ-ਪਾਸ ਬਰਫ਼ ਪਈ ਹੋਈ ਹੈ ਅਤੇ ਉੱਥੇ ਬਿਜਲੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਭਾਰਤੀ ਵਿਦਿਆਰਥੀਆਂ ਜਾਂ ਕਾਰੋਬਾਰੀਆਂ ਨੂੰ ਇੱਥੋਂ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਖਾਰਕੀਵ ਦੇ ਹਾਲਾਤ ਜ਼ਿਆਦਾ ਖ਼ਰਾਬ ਹੋਣ ਕਾਰਨ ਇੱਥੋਂ ਵਿਸ਼ੇਸ਼ ਯਤਨਾਂ ਨਾਲ ਹੀ ਵਾਪਸੀ ਸੰਭਵ ਹੈ। ਇਨ੍ਹਾਂ ਬੱਚਿਆਂ ਨਾਲ ਪੰਜਾਬ ਦੇ ਅੰਮ੍ਰਿਤਸਰ ਅਤੇ ਗੁਜਰਾਤ ਤੇ ਹਰਿਆਣਾ ਦੇ ਵਿਦਿਆਰਥੀ ਵੀ ਫਸੇ ਹੋਏ ਹਨ। ਬੱਚਿਆਂ ਦੇ ਮਾਪਿਆਂ ਨੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਨਿੱਜੀ ਦਿਲਚਸਪੀ ਲੈ ਕੇ ਵਿਦਿਆਰਥੀਆਂ ਦੀ ਸੁਰੱਖਿਅਤ ਘਰ ਵਾਪਸੀ ਲਈ ਸੰਭਵ ਯਤਨ ਕੀਤੇ ਜਾਣ।