ਨਵੀਂ ਦਿੱਲੀ, 23 ਅਗਸਤ
ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਲਈ ਅੱਜ ਭਾਰਤ ਦੇ ਮੰਦਰਾਂ, ਦਰਗਾਹਾਂ ਤੇ ਗੁਰਦੁਆਰਿਆਂ ਵਿਚ ਵੱਡੀ ਗਿਣਤੀ ਦੇਸ਼ਵਾਸੀ ਜੁੜੇ ਤੇ ਆਪੋ-ਆਪਣੇ ਢੰਗ ਨਾਲ ਕਾਮਨਾ ਕੀਤੀ। ਇਸ ਮੌਕੇ ਵਿਗਿਆਨ ਤੇ ਧਰਮ ਦਾ ਅਨੋਖਾ ਭਾਰਤੀ ਸੁਮੇਲ ਦੇਖਣ ਨੂੰ ਮਿਲਿਆ। ਦੇਸ਼ ਦੇ ਕਈ ਸਕੂਲਾਂ, ਯੂਨੀਵਰਸਿਟੀਆਂ ਦੇ ਹੋਰ ਕੰਪਲੈਕਸਾਂ ਵਿਚ ਵੀ ਪ੍ਰਾਰਥਨਾ ਕੀਤੀ ਗਈ। ਭਾਰਤ ਦੇ ਕਈ ਕੋਨਿਆਂ ਵਿਚ ਅਰਦਾਸ, ਆਰਤੀ, ਹਵਨ ਤੇ ਨਮਾਜ਼ ਪੜ੍ਹੀ ਗਈ। ਮਥੁਰਾ ਦੇ ਗੋਵਰਧਨ ਮੰਦਰ ਵਿਚ ਵੀ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ। ਮੁੰਬਈ ਦੀ ਮਾਹਿਮ ਦਰਗਾਹ ’ਤੇ ਸ਼ਰਧਾਲੂਆਂ ਨੇ ਚਾਦਰ ਵੀ ਚੜ੍ਹਾਈ। ਕੇਂਦਰੀ ਮੰਤਰੀ ਹਰਦੀਪ ਪੁਰੀ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਗਏ ਤੇ ਅਰਦਾਸ ਕੀਤੀ। ਦਿੱਲੀ ਦੇ ਮੰਡੋਲੀ ਦੇ ਇਕ ਮਦਰੱਸੇ ਦੀਆਂ ਵਿਦਿਆਰਥਣਾਂ ਨੇ ਇਸ ਮੌਕੇ ਵਿਸ਼ੇਸ਼ ਦੁਆਵਾਂ ਕੀਤੀਆਂ। ਵਿਸ਼ਵ ਹਿੰਦੂ ਪਰਿਸ਼ਦ ਨੇ ਸ਼ਹਿਰ ਦੇ ਸੰਤ ਨਗਰ ਵਿਚ ਯੱਗ ਕੀਤਾ। ਵਾਰਾਨਸੀ ਵਿਚ ਗੰਗਾ ਆਰਤੀ ਮੌਕੇ ਸ਼ਰਧਾਲੂਆਂ ਨੇ ਚੰਦ ਨੂੰ ਦੁੱਧ ਚੜ੍ਹਾਇਆ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਮਸਜਿਦ ਵਿਚ ਵਿਦਿਆਰਥੀਆਂ ਨੇ ਦੁਆ ਮੰਗੀ। ਸੰਗਮ ਦੇ ਸ਼ਹਿਰ ਪ੍ਰਯਾਗਰਾਜ ਵਿਚ ਮੱਠਾਂ ਤੇ ਮੰਦਰਾਂ ਵਿਚ ਹਵਨ ਕੀਤੇ ਗਏ। ਲਖਨਊ, ਰਾਜਸਥਾਨ, ਉੜੀਸਾ, ਜੰਮੂ, ਚੰਡੀਗੜ੍ਹ ਵਿਚ ਵੀ ਵੱਖ-ਵੱਖ ਢੰਗਾਂ ਨਾਲ ਮਿਸ਼ਨ ਦੀ ਸਫ਼ਲਤਾ ਦੀ ਕਾਮਨਾ ਕੀਤੀ ਗਈ।