ਚੰਡੀਗੜ੍ਹ, 23 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਪਹਿਲਕਦਮੀ ਕਰਦਿਆਂ ਅੱਜ ਵੇਰਕਾ ਫਰੂਟ ਦਹੀਂ, ਫਰੈੱਸ਼ ਕਰੀਮ ਦੀ ਇਕ ਲਿਟਰ ਪੈਕਿੰਗ ਤੇ ਐਕਸਟੈਂਡਿਡ ਸੈਲਫ ਲਾਈਫ ਯੂਐਚਟੀ ਦੁੱਧ ਲਾਂਚ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮਿਲਕਫੈੱਡ ਦੀ ਮੁੱਖ ਸਮਰੱਥਾ ਵਧੀਆ ਗੁਣਵੱਤਾ ਵਾਲੇ ਦੁੱਧ ਦੀ ਖਰੀਦ ਤੇ ਉੱਚ ਗੁਣਵੱਤਾ ਵਾਲੇ ਦੁੱਧ ਉਤਪਾਦਾਂ ਦੀ ਪੈਦਾਵਾਰ ਵਿੱਚ ਹੈ। ਉਨ੍ਹਾਂ ਕਿਹਾ ਕਿ ਵੇਰਕਾ ਡੇਅਰੀ ਮੁਹਾਲੀ ਵਿਚ ਜੇਆਈਸੀਏ ਤਹਿਤ 325 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਬੁਨਿਆਦੀ ਢਾਂਚੇ ਵਾਲਾ ਪੰਜ ਐਲਐਲਪੀਡੀ ਸਮਰੱਥਾ ਦਾ ਨਵਾਂ ਦੁੱਧ ਪ੍ਰੋਸੈਸਿੰਗ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਪਲਾਂਟ ’ਚ 50 ਐਮਟੀਪੀਡੀ ਦਹੀਂ, 4 ਐਮਟੀਪੀਡੀ ਘਿਓ ਤੇ 50 ਐਮਟੀਪੀਡੀ ਮੱਖਣ ਤਿਆਰ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮਿਲਕਫੈੱਡ ਨੂੰ ਅਹਿਮਦਾਬਾਦ, ਕੋਲਕਾਤਾ, ਮੁੰਬਈ ਅਤੇ ਜੈਪੁਰ ਦੇ ਬਾਜ਼ਾਰਾਂ ’ਚ ਸ਼ੁਰੂ ਕਰਨ ਲਈ ਕੰਮ ਕਰ ਰਹੀ ਹੈ। ਮਿਲਕਫੈੱਡ ਨੇ ਦਿੱਲੀ ਤੇ ਐਨਸੀਆਰ ਦੇ ਬਾਜ਼ਾਰਾਂ ’ਚ ਤਾਜ਼ਾ ਦੁੱਧ ਤੇ ਦੁੱਧ ਉਤਪਾਦਾਂ ਨੂੰ ਲਾਂਚ ਕੀਤਾ ਹੈ। ਮਿਲਕਫੈੱਡ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਵੱਖ-ਵੱਖ ਸਟੇਸ਼ਨਾਂ ’ਤੇ 30 ਵੇਰਕਾ ਮਿਲਕ ਬੂਥ ਅਤੇ ਦਿੱਲੀ ਦੀਆਂ ਪ੍ਰਮੁੱਖ ਥਾਵਾਂ ’ਤੇ 100 ਮਿਲਕ ਬੂਥ ਖੋਲ੍ਹ ਚੁੱਕਿਆ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਦੁੱਧ ਵੇਰਕਾ ਨੂੰ ਮੁਹੱਈਆ ਕਰਵਾ ਕੇ ਆਪਣੀ ਆਮਦਨ ’ਚ ਵਾਧਾ ਕਰ ਸਕਦੇ ਹਨ।
ਮੁੱਖ ਮੰਤਰੀ ਨੇ ਮਿਲਕਫੈੱਡ ਨੂੰ ਪੰਜਾਬ ਸਰਕਾਰ ਤੋਂ 100 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਵੀ ਹਾਜ਼ਰ ਸਨ।