ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ। ਦੋਵਾਂ ਆਗੂਆਂ ਨੇ ਈਰਾਨ ਅਤੇ ਯੂਕਰੇਨ ਜਾਰੀ ਤਣਾਅ ਬਾਰੇ ਚਰਚਾ ਕੀਤੀ। ਦੋਵਾਂ ਵਿਚਕਾਰ ਗੱਲਬਾਤ ਈਰਾਨ ਟਕਰਾਅ ਅਤੇ ਯੂਕਰੇਨ ਸੰਘਰਸ਼ ਨੂੰ ਹੱਲ ਕਰਨ ਦੇ ਉਦੇਸ਼ ਨਾਲ ਵਾਸ਼ਿੰਗਟਨ, ਮਾਸਕੋ ਅਤੇ ਕੀਵ ਵਿਚਕਾਰ ਤਿੰਨ-ਪੱਖੀ ਗੱਲਬਾਤ ‘ਤੇ ਕੇਂਦ੍ਰਿਤ ਸੀ।

ਕ੍ਰੇਮਲਿਨ ਦੇ ਵਿਦੇਸ਼ ਨੀਤੀ ਸਲਾਹਕਾਰ ਯੂਰੀ ਉਸ਼ਾਕੋਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟਰੰਪ ਨੇ ਈਰਾਨ ਅਤੇ ਯੂਕਰੇਨ ਜੰਗ ‘ਤੇ ਚਰਚਾ ਕਰਨ ਲਈ ਪੁਤਿਨ ਨੂੰ ਫ਼ੋਨ ਕੀਤਾ। ਇਹ ਗੱਲਬਾਤ ਲਗਭਗ ਇੱਕ ਘੰਟੇ ਤੱਕ ਚੱਲੀ। ਗੱਲਬਾਤ ਰਚਨਾਤਮਕ ਅਤੇ ਸਪਸ਼ਟ ਸੀ। ਕ੍ਰੇਮਲਿਨ ਦਾ ਕਹਿਣਾ ਹੈ ਕਿ ਰੂਸੀ ਸੈਨਾ ਯੂਕਰੇਨ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਇਸ ਲਈ ਕੀਵ ਨੂੰ ਗੱਲਬਾਤ ਲਈ ਸਹਿਮਤ ਹੋਣਾ ਪਵੇਗਾ। ਟਰੰਪ ਨੇ ਯੂਕਰੇਨ ਸੰਘਰਸ਼ ਨੂੰ ਜਲਦੀ ਖ਼ਤਮ ਕਰਨ ਵਿੱਚ ਮੁੜ ਤੋਂ ਦਿਲਚਸਪੀ ਦਿਖਾਈ ਹੈ।

ਇਸ ਤੋਂ ਇਲਾਵਾ ਪੁਤਿਨ ਨੇ ਈਰਾਨ ਵਿੱਚ ਚੱਲ ਰਹੇ ਟਕਰਾਅ ‘ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਟਰੰਪ ਨੂੰ ਪਿਛਲੇ ਹਫ਼ਤੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਖਾੜੀ ਦੇਸ਼ਾਂ ਦੇ ਨੇਤਾਵਾਂ ਨਾਲ ਆਪਣੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਉਸ਼ਾਕੋਵ ਨੇ ਕਿਹਾ ਕਿ ਟਰੰਪ ਨੇ ਸਥਿਤੀ ‘ਤੇ ਆਪਣੀ ਰਾਏ ਪ੍ਰਗਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਇਸ ਮੁੱਦੇ ‘ਤੇ ਬਹੁਤ “ਮਹੱਤਵਪੂਰਨ” ਚਰਚਾ ਕੀਤੀ। ਉਸ਼ਾਕੋਵ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਨੇ ਵਿਸ਼ਵ ਪੱਧਰੀ ਤੇਲ ਬਾਜ਼ਾਰ ਦੀ ਸਥਿਤੀ ਦੇ ਸੰਦਰਭ ਵਿੱਚ ਯੂਕਰੇਨ ਸੰਘਰਸ਼ ਅਤੇ ਵੇਨੇਜ਼ੁਏਲਾ ਦੀ ਸਥਿਤੀ ‘ਤੇ ਵੀ ਚਰਚਾ ਕੀਤੀ।

ਦੱਸ ਦਈਏ ਕਿ ਦੋਵਾਂ ਰਾਸ਼ਟਰਪਤੀਆਂ ਨੇ ਆਖਰੀ ਵਾਰ ਦਸੰਬਰ ਵਿੱਚ ਫੋਨ ‘ਤੇ ਗੱਲ ਕੀਤੀ ਸੀ, ਜਿਸ ਨੂੰ ਵ੍ਹਾਈਟ ਹਾਊਸ ਨੇ ਉਸ ਸਮੇਂ “ਸਕਾਰਾਤਮਕ” ਦੱਸਿਆ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੋਜਤਬਾ ਖਾਮੇਨੇਈ ਨੂੰ ਈਰਾਨ ਦੇ ਨਵੇਂ ਸੁਪਰੀਮ ਲੀਡਰ ਵਜੋਂ ਨਿਯੁਕਤੀ ‘ਤੇ ਵਧਾਈ ਦਿੱਤੀ।