ਬੈਂਕਾਕ, 7 ਦਸੰਬਰ

ਮਿਆਂਮਾਰ ਦੀ ਰਾਜਧਾਨੀ ਵਿਚ ਇਕ ਵਿਸ਼ੇਸ਼ ਅਦਾਲਤ ਨੇ ਦੇਸ਼ ਦੀ ਅਹੁਦੇ ਤੋਂ ਹਟਾਈ ਗਈ ਆਗੂ ਆਂਗ ਸਾਂ ਸੂ ਕੀ ਨੂੰ ਲੋਕਾਂ ਨੂੰ ਭੜਕਾਉਣ ਅਤੇ ਕਰੋਨਾਵਾਇਰਸ ਸਬੰਧੀ ਪਾਬੰਦੀਆਂ ਦੀ ਉਲੰਘਣਾ ਕਰਨ ਦਾ ਦੋਸ਼ੀ ਕਰਾਰ ਦਿੰਦੇ ਹੋਏ ਅੱਜ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਜਾਣਕਾਰੀ ਇਕ ਕਾਨੂੰਨੀ ਅਧਿਕਾਰੀ ਨੇ ਦਿੱਤੀ।

ਦੇਸ਼ ਦੀ ਸੱਤਾ ’ਤੇ ਪਹਿਲੀ ਫਰਵਰੀ ਨੂੰ ਸੈਨਾ ਵੱਲੋਂ ਕਬਜ਼ਾ ਕੀਤੇ ਜਾਣ ਦੇ ਬਾਅਦ ਤੋਂ 76 ਸਾਲਾ ਨੋਬੇਲ ਪੁਰਸਕਾਰ ਜੇਤੂ ਇਸ ਆਗੂ ’ਤੇ ਚਲਾੲੇ ਜਾ ਰਹੇ ਕਈ ਮੁਕੱਦਮਿਆਂ ਵਿੱਚੋਂ ਪਹਿਲੇ ਮਾਮਲੇ ਵਿਚ ਇਹ ਸਜ਼ਾ ਮਿਲੀ ਹੈ। ਫ਼ੌਜ ਦੇ ਤਖ਼ਤਾ ਪਲਟ ਨੇ ਉਸ ਦੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਪਾਰਟੀ ਦੀ ਸਰਕਾਰ ਨੂੰ ਆਪਣਾ ਪੰਜ ਸਾਲ ਦਾ ਦੂਜਾ ਕਾਰਜਕਾਲ ਸ਼ੁਰੂ ਕਰਨ ਤੋਂ ਰੋਕ ਦਿੱਤਾ ਸੀ। ਅਗਲੇ ਹਫ਼ਤੇ ਦੀ ਸ਼ੁਰੂਆਤ ਵਿਚ ਹੋਰ ਦੋਸ਼ਾਂ ਦੇ ਸਬੰਧ ਵਿੱਚ ਵੀ ਸੂ ਕੀ ਨੂੰ ਫੈਸਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਉਹ ਸਾਰੇ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤੀ ਜਾਂਦੀ ਹੈ ਤਾਂ ਉਸ ਨੂੰ 100 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਕਾਨੂੰਨੀ ਅਧਿਕਾਰੀ ਨੇ ਕਿਹਾ ਕਿ ਅਦਾਲਤ ਨੇ ਅੱਜ ਇਹ ਸਪੱਸ਼ਟ ਨਹੀਂ ਕੀਤਾ ਕਿ ਸੂ ਕੀ ਨੂੰ ਇਸ ਸਜ਼ਾ ਲਈ ਜੇਲ੍ਹ ਭੇਜਿਆ ਜਾਵੇਗਾ ਜਾਂ ਨਜ਼ਰਬੰਦ ਰੱਖਿਆ ਜਾਵੇਗਾ। ਲੋਕਤੰਤਰ ਲਈ ਆਪਣੇ ਲੰਬੇ ਸੰਘਰਸ਼ ਵਿਚ ਉਸ ਨੇ 1989 ਤੋਂ ਸ਼ੁਰੂ ਕਰਦੇ ਹੋਏ ਹੁਣ ਤੱਕ 15 ਸਾਲ ਨਜ਼ਰਬੰਦੀ ਵਿਚ ਬਿਤਾਏ ਹਨ। ਅਧਿਕਾਰੀ ਨੇ ਇਹ ਵੀ ਕਿਹਾ ਕਿ ਸੂ ਕੀ ਨੂੰ ਭੜਕਾਉਣ ਦੇ ਮਾਮਲੇ ਵਿਚ ਹਿਰਾਸਤ ’ਚ ਪਹਿਲਾਂ ਤੋਂ ਬਿਤਾਏ ਗਏ 10 ਮਹੀਨਿਆਂ ਦੇ ਸਮੇਂ ਨੂੰ ਸਜ਼ਾ ’ਚੋਂ ਘਟਾ ਦਿੱਤਾ ਜਾਵੇਗਾ। ਇਸ ਤਰ੍ਹਾਂ ਉਸ ਨੂੰ ਇਸ ਦੋਸ਼ ਵਿਚ ਸਿਰਫ਼ ਇਕ ਸਾਲ ਅਤੇ ਦੋ ਮਹੀਨੇ ਦੀ ਸਜ਼ਾ ਕੱਟਣੀ ਹੋਵੇਗੀ। ਕਰੋਨਾਵਾਇਰਸ ਸਬੰਧੀ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮਿਲੀ ਸਜ਼ਾ ਵਿਚ ਇਸ ਤਰ੍ਹਾਂ ਦੀ ਕੋਈ ਕਮੀ ਨਹੀਂ ਕੀਤੀ ਜਾਵੇਗੀ।