ਬਠਿੰਡਾ, 2 ਨਵੰਬਰ : ਇਕ ਪਾਸੇ ਕੋਰੋਨਾ ਮਹਾਮਾਰੀ ਕਾਰਨ ਜਿਥੇ ਸਮਾਜ ਦਾ ਹਰੇਕ ਤਬਕਾ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਉਥੇ ਕੇਂਦਰ ਸਰਕਾਰ ਵੱਲੋਂ ਸੂਬੇ ਵਿਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਨਾਲ ਹਰੇਕ ਵਰਗ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਜ਼ਿਲੇ ਦੇ ਕਿਸਾਨ, ਵਪਾਰੀ, ਛੋਟੇ ਦੁਕਾਨਦਾਰ, ਮਜ਼ਦੂਰ ਅਤੇ ਆਮ ਲੋਕ ਇਸ ਵੇਲੇ ਗੰਭੀਰ ਸੰਕਟ ਦੀ ਸਥਿਤੀ ਵਿਚੋਂ ਗੁਜ਼ਰ ਰਹੇ ਹਨ। ਮਾਲ ਗੱਡੀਆਂ ਬੰਦ ਹੋਣ ਕਾਰਨ ਜਿਥੇ ਕੋਲੇ ਦੀ ਘਾਟ ਕਾਰਨ ਬਿਜਲੀ ਸੰਕਟ ਦਾ ਖ਼ਤਰਾ ਮੰਡਰਾ ਰਿਹਾ ਹੈ, ਉਥੇ ਸਨਅੱਤਾਂ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਵਪਾਰੀਆਂ ਦਾ ਕਰੋੜਾਂ ਦਾ ਸਾਮਾਨ ਡਰਾਈ ਪੋਰਟਾਂ ’ਤੇ ਰੁਕਿਆ ਪਿਆ ਹੈ। 

ਇਸੇ ਤਰਾਂ ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਬਾਰਦਾਨੇ ਦੀ ਘਾਟ ਪੈਦਾ ਹੋਣ ਦੇ ਵੀ ਆਸਾਰ ਬਣੇ ਹੋਏ ਹਨ ਕਿਉਂਕਿ ਮਿਲੀ ਜਾਣਕਾਰੀ ਅਨੁਸਾਰ ਮਾਲ ਗੱਡੀਆਂ ਬੰਦ ਹੋਣ ਕਾਰਨ ਬਾਰਦਾਨੇ ਦੀਆਂ 45 ਹਜ਼ਾਰ ਗੱਠਾਂ ਦਿੱਲੀ ਅਤੇ ਮੁਰਾਦਾਬਾਦ ਵਿਖੇ ਰੁਕੀਆਂ ਹੋਈਆਂ ਹਨ। ਇਸੇ ਤਰਾਂ ਕਣਕ ਦੀ ਬਿਜਾਈ ’ਤੇ ਵੀ ਅਸਰ ਪੈ ਸਕਦਾ ਹੈ, ਕਿਉਂਕਿ ਖਾਦ ਦੀ ਸਪਲਾਈ ਵੀ ਮਾਲ ਗੱਡੀਆਂ ’ਤੇ ਨਿਰਭਰ ਹੋਣ ਕਾਰਨ ਯੂਰੀਆ ਅਤੇ ਡੀ. ਏ. ਪੀ ਦੀ ਘਾਟ ਦੇ ਆਸਾਰ ਬਣ ਗਏ ਹਨ। ਉਪਰੋਂ ਤਿਉਹਾਰਾਂ ਦਾ ਸੀਜ਼ਨ ਵੀ ਇਸ ਵਾਰ ਫਿੱਕਾ ਰਹਿਣ ਦੇ ਆਸਾਰ ਬਣ ਗਏ ਹਨ। 

ਵੱਖ-ਵੱਖ ਕਿੱਤਿਆਂ ਅਤੇ ਕਾਰੋਬਾਰਾਂ ਨਾਲ ਸਬੰਧਤ ਜ਼ਿਲਾ ਬਠਿੰਡਾ ਦੇ ਵਸਨੀਕਾਂ ਨੇ ਇਸ ਸਬੰਧੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਜਲਦ ਤੋਂ ਜਲਦ ਬਹਾਲ ਹੋਣੀ ਚਾਹੀਦੀ ਹੈ, ਕਿਉਂਕਿ ਕਿਸਾਨੀ, ਵਪਾਰ ਅਤੇ ਕਾਰੋਬਾਰ ਦਾ ਆਧਾਰ ਇਸੇ ਨਾਲ ਜੁੜਿਆ ਹੋਇਆ ਹੈ। ਉਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਗੱਡੀਆਂ ਤੁਰੰਤ ਚਲਾਈਆਂ ਜਾਣ।