ਮਾਲੇ, 8 ਫਰਵਰੀ
ਬੌਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਭੈਣ ਸ਼ਾਹੀਨ ਭੱਟ, ਦੋਸਤ ਅਤੇ ਅਦਾਕਾਰਾ ਅਕਾਂਸ਼ਾ ਰੰਜਨ ਕਪੂਰ ਤੇ ਉਸ ਦੀ ਭੈਣ ਅਨੁਸ਼ਕਾ ਰੰਜਨ ਕਪੂਰ ਨਾਲ ਛੁੱਟੀਆਂ ਮਨਾਉਣ ਮਾਲਦੀਵਜ਼ ਗਈ ਹੋਈ ਹੈ। ਉਸ ਨੇ ਅੱਜ ਸਵੇਰੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਮਾਲਦੀਵਜ਼ ਦੇ ਸਮੁੰਦਰੀ ਕੰਢੇ ’ਤੇ ਬਿਕਨੀ ਵਿੱਚ ਪੋਜ਼ ਦੇ ਰਹੀ ਹੈ।
ਰੰਗਦਾਰ ਬਿਕਨੀ ਤੇ ਚਸ਼ਮਿਆਂ ਵਿੱਚ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਆਲੀਆ ਨੇ ਲਿਖਿਆ, ‘ਨੀਲੇ ਸਮੁੰਦਰ ਤੇ ਇੱਕ ਮਛਲੀ’। ਆਲੀਆ ਦੀ ਪੋਸਟ ’ਤੇ ਟਿੱਪਣੀ ਕਰਦਿਆਂ ਉਸ ਦੀ ਮਾਤਾ ਸੋਨੀ ਰਾਜ਼ਦਾਨ ਨੇ ਲਿਖਿਆ, ‘ਹੈਲੋ ਛੋਟੀ ਮਛਲੀ’। ਆਲੀਆ ਨੇ ਇੰਸਟਾਗ੍ਰਾਮ ’ਤੇ ਆਪਣੀ ਦੋਸਤ ਅਕਾਂਸ਼ਾ ਨਾਲ ਖਿੱਚੀ ਇੱਕ ਸੈਲਫ਼ੀ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਲਿਖਿਆ, ‘ਦੋਸਤ ਨਾਲ ਮੌਜ ਮਸਤੀ।’ ਇੰਸਟਾਗ੍ਰਾਮ ’ਤੇ ਹੀ ਆਲੀਆ ਨੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਦੌਰਾਨ ਕੁਝ ਦਿਨ ਪਹਿਲਾਂ ਲਿਖਿਆ ਸੀ ਕਿ ਉਹ ਛੁੱਟੀਆਂ ’ਤੇ ਜਾਣਾ ਚਾਹੁੰਦੀ ਹੈ ਪਰ ਇਕੱਲਿਆਂ ਨਹੀਂ। ਉਸ ਨੇ ਕਈ ਹੋਰ ਗੱਲਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦਿਆਂ ਇਹ ਵੀ ਦੱਸਿਆ ਸੀ ਕਿ ਉਸ ਨੂੰ ਖਰੀਦਦਾਰੀ ਕਰਨਾ ਤੇ ਖਾਣਾ ਬਣਾਉਣਾ ਜ਼ਿਆਦਾ ਪਸੰਦ ਨਹੀਂ ਹੈ। ਦੱਸਣਯੋਗ ਹੈ ਕਿ ਆਲੀਆ ਭੱਟ ਜਲਦ ਹੀ ਸੰਜੈ ਲੀਲਾ ਭੰਸਾਲੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਗੰਗੂਬਾਈ ਕਾਠਿਆਵਾੜੀ’ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਐੱਸਐੱਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਅਤੇ ਫਿਲਮ ‘ਬ੍ਰਹਮਆਸਤਰ’ ਵਿੱਚ ਵੀ ਨਜ਼ਰ ਆਵੇਗੀ, ਜਿਨ੍ਹਾਂ ਵਿੱਚ ਉਸ ਦੇ ਸਹਿ-ਕਲਾਕਾਰ ਰਣਬੀਰ ਕਪੂਰ ਤੇ ਅਮਿਤਾਭ ਬੱਚਨ ਹਨ।