ਓਟਾਵਾ — ਕੈਨੇਡਾ ਦੀ ਸੀਨੇਟ ਨੇ ਸਰਕਾਰ ਦੇ ਇਕ ਇਤਿਹਾਸਕ ਬਿੱਲ ਨੂੰ ਪਾਸ ਕਰਨ ਲਈ ਵੋਟਿੰਗ ਕੀਤੀ। ਇਹ ਵੋਟਿੰਗ ਮਾਰੀਜੁਆਨਾ ‘ਤੇ 95 ਸਾਲ ਤੋਂ ਲੱਗੇ ਬੈਨ ਨੂੰ ਹਟਾਉਣ ਲਈ ਹੋਈ। ਇਸ ਬਿੱਲ ਦੇ ਪੱਖ ‘ਚ 56 ਜਦਕਿ ਇਸ ਦੇ ਵਿਰੋਧ ‘ਚ 30 ਵੋਟਾਂ ਪਈਆਂ, ਪਰ ਇਕ ਨੇ ਵੋਟਿੰਗ ਤੋਂ ਦੂਰੀ ਬਣਾਈ ਰੱਖੀ।
ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ 32 ਕੰਜ਼ਰਵੇਟਿਵ ਸੈਨੇਟਰਾਂ ਦੇ ਵਿਰੋਧ ਅਤੇ ਕੁਝ ਆਜ਼ਾਦ ਸੈਨੇਟਰਾਂ ਵਿਚਾਲੇ ਹੈਰਾਨੀ ਵਾਲੀ ਸਥਿਤੀ ਨਾਲ ਬਿੱਲ ‘ਸੀ-45’ ਵੀਰਵਾਰ ਰਾਤ ਨੂੰ ਹੋਈ ਵੋਟਿੰਗ ਤੋਂ ਬਾਅਦ ਹੁਣ ਹਾਊਸ ਆਫ ਕਾਮਨਸ ‘ਚ ਵਾਪਸ ਭੇਜ ਦਿੱਤਾ ਗਿਆ। ਹੁਣ ਹਾਊਸ ਆਫ ਕਾਮਨਸ ਦੇ ਸੰਸਦੀ ਮੈਂਬਰਾਂ ਨੂੰ ਫੈਸਲਾ ਕਰਨਾ ਹੈ ਕਿ ਸੀਨੇਟ ‘ਚ ਸੀ-45 ‘ਚ ਕਰੀਬ 4 ਦਰਜਨ ਸੋਧ ਹੋਣ ਤੋਂ ਬਾਅਦ ਇਸ ਦੇ ਨਾਲ ਕੀ ਕਰਨਾ ਹੈ।
ਸੀਨੇਟ ‘ਚ ਬਿੱਲ ਨੂੰ ਇਕ ਵਾਰ ਫਿਰ ਵੋਟਿੰਗ ਲਈ ਵਾਪਸ ਕਰਨ ਤੋਂ ਪਹਿਲਾਂ ਸਰਕਾਰ ਨੂੰ ਇਸ ਦਾ ਫੈਸਲਾ ਕਰਨਾ ਹੈ ਕਿ ਇਸ ਨੂੰ ਮਨਜ਼ੂਰੀ ਦਿੱਤੀ ਜਾਵੇ ਜਾਂ ਨਾਮਨਜ਼ੂਰ ਕਰ ਦਿੱਤਾ ਜਾਵੇ। ਸਿਹਤ ਮੰਤਰੀ ਪੇਟੀਪਾਸ ਟੇਲਰ ਨੇ ਕਿਹਾ ਕਿ ਬਿੱਲ ਦੇ ਪਾਸ ਹੋ ਜਾਣ ‘ਤੇ ਜ਼ਿਲ੍ਹਿਆਂ ਨੂੰ ਕਾਨੂੰਨੀ ਮਾਰੀਜੁਆਨਾ ਦੀ ਖੁਦਰਾ ਵਿਕਰੀ ਤੋਂ ਪਹਿਲਾ 2-3 ਮਹੀਨੇ ਦੀ ਤਿਆਰੀ ਦੀ ਜ਼ਰੂਰਤ ਹੋਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਜੋ ਇਸ ਸਾਲ ਮਾਰੀਜੁਆਨਾ ਨੂੰ ਕਾਨੂੰਨੀ ਬਣਾਉਣ ਨੂੰ ਲੈ ਕੇ ਵਚਨਬੱਧ ਹਨ।