– ਬੱਚਿਆਂ ਦੇ ਗਿਆਨ, ਆਤਮ ਵਿਸ਼ਵਾਸ ਵਿੱਚ ਵਾਧਾ ਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ ਬਾਲ ਮੇਲੇ : ਸਿੱਖਿਆ ਸਕੱਤਰ

ਮੁਹਾਲੀ, 2 ਨਵੰਬਰ 2019: ਅਧਿਆਪਕਾਂ ਅਤੇ ਮਾਪਿਆਂ ਦੇ ਸਾਂਝੇ ਯਤਨ ਨਾਲ ਪੰਜਾਬ ਪੱਧਰ ‘ਤੇ ਮਿਡਲ ਪੱਧਰ ਤੱਕ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਕਰਵਾਏ ਜਾ ਰਹੇ ਦਸਵੇਂ ਦੋ ਰੋਜ਼ਾ ਬਾਲ ਮੇਲੇ ਦਾ ਪ੍ਰਾਸਪੈਕਟਸ ਸਕੂਲ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕਿਸਨ ਕੁਮਾਰ ਵੱਲੋਂ  ਜਾਰੀ ਕੀਤਾ ਗਿਆ। ਇਸ ਮੌਕੇ ਉਨਹਨਾਂ ਬਾਲ ਮੇਲਾ ਪ੍ਰਬੰਧਕਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਸਖ਼ਸ਼ੀਅਤ ਦੇ ਵਿਕਾਸ ਲਈ ਅਜਿਹੇ ਬਾਲ ਮੇਲਿਆਂ ਦੀ ਵੱਡੀ ਭੂਮਿਕਾ ਹੁੰਦੀ ਹੈ। ਅਜਿਹੇ ਯਤਨਾਂ ਨਾਲ ਬੱਚਿਆਂ ਦੇ ਗਿਆਨ ਤੇ ਆਤਮ ਵਿਕਾਸ ਵਿੱਚ ਵਾਧਾ ਹੁੰਦਾ ਹੈ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਮਾਪਿਆਂ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਇਹ ਸਾਂਝਾ ਯਤਨ ਸਲਾਘਾਯੋਗ ਹੈ। ਇਸ ਮੌਕੇ ਬਾਲ ਮੇਲੇ ਦੀ ਪ੍ਰਬੰਧਕੀ ਟੀਮ ਦੇ ਮੈਂਬਰ ਸਿੱਖਿਆ ਵਿਕਾਸ ਮੰਚ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਨੌਹਰਾ, ਸਕੱਤਰ ਰਾਜੇਸ ਕੁਮਾਰ ਦਾਨੀ, ਸੁਰਜੀਤ ਸਿੰਘ ਖਾਂਗ, ਗੁਰਮੀਤ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੰਚ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਬਾਲ ਮੇਲਾ ਪਿਛਲੇ 10 ਸਾਲਾਂ ਤੋਂ ਪਟਿਆਲਾ, ਸੰਗਰੂਰ ਦੇ ਵੱਖ ਵੱਖ ਪਿੰਡਾਂ ਵਿੱਚ ਕਰਵਾਇਆ ਜਾਂਦਾ ਹੈ। ਜਿਸ ਵਿੱਚ ਹਰ ਸਾਲ ਸੈਂਕੜੇ ਸਰਕਾਰੀ ਸਕੂਲਾਂ ਦੇ ਹਜਾਰਾਂ ਬੱਚੇ ਸਮੂਲੀਅਤ ਕਰਦੇ ਆ ਰਹੇ ਹਨ। ਇਸ ਸਾਲ ਦਾ ਦੋ ਰੋਜ਼ਾ ਬਾਲ ਮੇਲਾ 14 ਤੇ 15 ਦਸੰਬਰ 2019 ਨੂੰ ਸੰਗਰੂਰ ਜਿਲ੍ਹੇ ਦੇ ਇਤਿਹਾਸਿਕ ਪਿੰਡ ਬਾਗੜੀਆਂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਬਾਲ ਮੇਲੇ ਦੇ ਸਾਰੇ ਪ੍ਰਬੰਧ ਸਿੱਖਿਆ ਵਿਕਾਸ ਮੰਚ ਪੰਜਾਬ, ਬਾਲ ਮੇਲਾ ਆਯੋਜਿਤ ਕਮੇਟੀ , ਗ੍ਰਾਮ ਪੰਚਾਇਤ ਤੇ ਸਮੂਹ ਪਿੰਡ ਵਾਸੀ ਬਾਗੜੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗੜੀਆਂ ਵਿਖੇ ਕਰਵਾਇਆ ਜਾਵੇਗਾ। ਇਸ ਵਾਰ ਦੇ ਮੇਲੇ ਵਿੱਚ ਪ੍ਰਾਇਮਰੀ ਵਿੰਗ ਅਧੀਨ ਭਾਸ਼ਣ, ਸੁੰਦਰ ਲਿਖਾਈ, ਚਿੱਤਰਕਾਰੀ, ਸ਼ਬਦ ਗਾਇਨ, ਕਵਿਤਾ ਉਚਾਰਨ, ਕੋਰਿਓਗ੍ਰਾਫੀ, ਸੋਲੋ ਗੀਤ, ਕਲੇਅ ਮਾਡਲਿੰਗ, ਗਰੁੱਪ ਡਾਂਸ ਮੁੰਡੇ, ਗਿੱਧਾ, ਬੈਸਟ ਆਊਟ ਆਫ਼ ਵੇਸਟ, ਗਿਆਨ ਪਰਖ ਮੁਕਾਬਲਾ, ਬੋਰੀ ਦੌੜ, ਰੱਸਾਕਸੀ ਮੁੰਡੇ- ਕੁੜੀਆਂ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ ਮਿਡਲ ਵਿੰਗ ਦੇ ਸੁੰਦਰ ਲਿਖਾਈ, ਗਰੁੱਪ ਡਾਂਸ ਮੁੰਡੇ- ਕੁੜੀਆਂ, ਰੱਸਾਕਸੀ ਕੁੜੀਆਂ, ਕਵੀਸਰੀ, ਚਿੱਤਰਕਾਰੀ, ਲੰਮੀ ਛਾਲ ਮੁੰਡੇ- ਕੁੜੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਮੇਲਾ ਪ੍ਰਬੰਧਕਾਂ ਨੇ ਸਰਕਾਰੀ ਸਕੂਲਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਬੱਚੇ ਬਾਲ ਮੇਲੇ ਵਿੱਚ ਸਮੂਲੀਅਤ ਕਰਵਾਉਣ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਦੂਰ ਤੋਂ ਆਉਣ ਵਾਲੇ ਬੱਚਿਆਂ ਲਈ ਰਾਤ ਨੂੰ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।