ਮਾਨਸਾ, 19 ਅਪਰੈਲ
ਇਥੇ ਭਾਅ ਘੱਟ ਮਿਲਣ ਕਾਰਨ ਕਿਸਾਨਾਂ ਨੇ ਸ਼ਿਮਲਾ ਮਿਰਚ ਨੂੰ ਸੜਕਾਂ ਉਤੇ ਸੁੱਟ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮਹਿੰਗਾ ਬੀਜ ਲੈ ਕੇ ਖੇਤੀ ਵਿਭਿੰਨਤਾ ਤਹਿਤ ਸ਼ਿਮਲਾ ਮਿਰਚਾਂ ਨੂੰ ਲਾਇਆ ਸੀ ਪਰ ਘੱਟ ਭਾਅ ਕਾਰਨ ਇਨ੍ਹਾਂ ਨੂੰ ਸੜਕਾਂ ’ਤੇ ਸੁੱਟਣਾ ਪੈ ਰਿਹਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਦੇ ਦੱਸਿਆ ਕਿ ਇਸ ਵਾਰ ਸਬਜ਼ੀ ਕਾਸ਼ਤਕਾਰਾਂ ਨੂੰ ਸ਼ਿਮਲਾ ਮਿਰਚ ਦਾ ਪੂਰਾ ਰੇਟ ਨਾ ਮਿਲਣ ਕਾਰਨ ਕਿਸਾਨ ਸਬਜ਼ੀਆਂ ਤੋਂ ਹੱਥ ਖੜ੍ਹੇ ਕਰ ਗਏ ਹਨ, ਕਿਉਂਕਿ ਇਸ ਵੇਲੇ ਸ਼ਿਮਲਾ ਮਿਰਚ ਰੇਟ 1 ਰੁਪਏ ਤੋਂ ਲੈਕੇ ਮਸਾਂ 3 ਰੁਪਏ ਪ੍ਰਤੀ ਕਿਲੋ ਤੱਕ ਚੱਲ ਰਿਹਾ ਹੈ, ਜਿਸ ਨਾਲ ਕਿਸਾਨਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ।
ਕਿਸਾਨ ਅਗੂ ਨੇ ਦੱਸਿਆ ਕਿ ਪਿੰਡ ਭੈਣੀ ਬਾਘਾ ‘ਚ ਕਿਸਾਨ ਕਣਕ -ਝੋਨੇ ਦੇ ਫ਼ਸਲੀ ਚੱਕਰ ’ਚੋਂ ਨਿਕਲਕੇ ਬਦਲਵੀਂ ਖੇਤੀ ਵੱਲ ਪ੍ਰੇਰਤ ਹੋਏ ਸਨ ਅਤੇ ਪਿਛਲੇ ਸਾਲਾਂ ਵਿਚ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਹੋਇਆ ਪਰ ਇਸ ਵਾਰ ਤਾਂ ਪਹਿਲੀ ਵਾਰ ਤੁੜਾਈ ਤੋਂ ਹੀ ਸ਼ਿਮਲਾ ਮਿਰਚ ਦਾ ਰੇਟ 10 ਤੋਂ 15 ਰੁਪਏ ਸ਼ੁਰੂ ਹੋਕੇ 1 ਤੋਂ 4 ਰੁਪਏ ਹੀ‌ ਰਿਹਾ ਹੈ। ਪੰਜਾਬ ਕਿਸਾਨ ਯੂਨੀਅਨ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਸਰਕਾਰਾਂ ਸਬਜ਼ੀ ਕਾਸ਼ਤਕਾਰਾਂ ਦੀ ਬਾਂਹ ਵੀ ਫੜਨ ਅਤੇ ਮੰਡੀਕਰਨ ਦਾ ਪ੍ਰਬੰਧ ਕਰਨ ਅਤੇ ਬਾਹਰਲੇ ਰਾਜਾਂ ਚ ਸਬਜ਼ੀਆਂ ਭੇਜਣ ਦਾ ਬੰਦੋਬਸਤ ਕਰਨ। ਉਨ੍ਹਾਂ ਕਿਹਾ ਕਿ ਰੇਲ ਗੱਡੀਆਂ ਰਾਹੀਂ ਢੋਆ ਢੁਆਈ ਉਤੇ ਸਬਸਿਡੀ ਦਿੱਤੀ ਜਾਵੇ ਅਤੇ ਬੀਜ ਅਤੇ ਪੋਲੀਥੀਨ ਉਪਰ ਸਬਸਿਡੀ ਦਿੱਤੀ ਜਾਵੇ।