ਜਿਸ ਗਾਇਕ ਦੀ ਆਵਾਜ਼ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਭੁਲੇਖਾ ਪਾਉਂਦੀ ਹੈ, ਉਸ ਨੌਜਵਾਨ ਗਾਇਕ ਦਾ ਨਾਮ ਹੈ ਹਸਨ ਮਾਣਕ। ਉਸ ਦੇ ਕੱਦ ਕਾਠ ਤੋਂ ਜਵਾਨੀ ਵੇਲੇ ਦੇ ਕੁਲਦੀਪ ਮਾਣਕ ਦੀ ਝਲਕ ਪੈਂਦੀ ਹੈ। ਅੱਜਕੱਲ੍ਹ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਿਤ ਹੋਇਆ ਇਹ ਨੌਜਵਾਨ ਜ਼ਿਲ੍ਹਾ ਮੋਗਾ ਦੇ ਪਿੰਡ ਸੈਦੋਕੇ ਦਾ ਰਹਿਣ ਵਾਲਾ ਹੈ। 14 ਜੂਨ 1993 ਵਿਚ ਪੈਦਾ ਹੋਏ ਇਸ ਨੌਜਵਾਨ ਗਾਇਕ ਦਾ ਅਸਲ ਵਿਚ ਵੀ ਕੁਲਦੀਪ ਮਾਣਕ ਨਾਲ ਨਾਨੇ-ਦੋਹਤੇ ਦਾ ਰਿਸ਼ਤਾ ਹੈ। ਕਲੀਆਂ ਦੇ ਬਾਦਸ਼ਾਹ ਨੂੰ ਸੁਣ ਸੁਣ ਕੇ ਵੱਡੇ ਹੋਏ ਹਸਨ ਨੇ ਉਨ੍ਹਾਂ ਤੋਂ ਹੀ ਗਾਉਣਾ ਸਿੱਖਿਆ ਹੈ। ਹਸਨ ਅਨੁਸਾਰ ਉਸ ਨੂੰ ਪਹਿਲੀ ਵਾਰ ਸਟੇਜ ਉੱਪਰ ਇਕ ਰਿਟਾਇਰਮੈਂਟ ਪਾਰਟੀ ਵਿਚ ਬੱਧਨੀ ਕਲਾਂ ਵਿਖੇ ਗਾਉਣ ਦਾ ਮੌਕਾ ਮਿਲਿਆ, ਜਿਸ ਤੋਂ ਬਾਅਦ ਉਸ ਨੇ ਕਈ ਵਾਰ ਆਪਣੇ ਨਾਨਾ ਕੁਲਦੀਪ ਮਾਣਕ ਦੀ ਸਟੇਜ ਤੋਂ ਵੀ ਗਾਇਆ। ਉਸ ਤੋਂ ਬਾਅਦ ਸਕੂਲਾਂ ਦੀਆਂ ਸਟੇਜਾਂ ਅਤੇ ਹੋਰ ਬਾਹਰੀ ਸਟੇਜਾਂ ’ਤੇ ਵੀ ਗਾਉਂਦਾ ਰਿਹਾ, ਪਰ ਕਈ ਪ੍ਰਕਾਰ ਦੀਆਂ ਘਰੇਲੂ ਮੁਸ਼ਕਿਲਾਂ ਕਰਕੇ ਕੋਈ ਖ਼ਾਸ ਨਾਮ ਨਹੀਂ ਬਣਾ ਸਕਿਆ।

ਬਾਰ੍ਹਵੀਂ ਜਮਾਤ ਤਕ ਦੀ ਪੜ੍ਹਾਈ ਕਰਨ ਤੋਂ ਬਾਅਦ ਘਰ ਦਾ ਖ਼ਰਚਾ ਚਲਾਉਣ ਅਤੇ ਮਾਤਾ-ਪਿਤਾ ਨਾਲ ਕੰਮ ਵਿਚ ਹੱਥ ਵਟਾਉਣ ਕਰਕੇ ਕੁਝ ਸਮਾਂ ਸਟੇਜਾਂ ਤੋਂ ਜ਼ਰੂਰ ਪਰੇ ਰਿਹਾ, ਪਰ ਆਪਣਾ ਰਿਆਜ਼ ਨਹੀਂ ਛੱਡਿਆ। ਆਪਣੇ ਨਾਨਾ ਕੁਲਦੀਪ ਮਾਣਕ ਦੇ ਨਕਸ਼ੇ ਕਦਮ ’ਤੇ ਚੱਲਣ ਦੀ ਗੱਲ ਕਰਨ ਵਾਲੇ ਹਸਨ ਮਾਣਕ ਦਾ ਕਹਿਣਾ ਹੈ ਕਿ ਉਸ ਦੀ ਆਵਾਜ਼ ਸੁਣ ਕੇ ਬਹੁਤੇ ਲੋਕ ਉਸ ਨੂੰ ਕਹਿੰਦੇ ਹਨ ਕਿ ਗਾਉਣ ਦੇ ਨਾਲ ਨਾਲ ਉਸ ਦੇ ਬੋਲਣ ਦੇ ਅੰਦਾਜ਼ ਵਿਚ ਵੀ ਕੁਲਦੀਪ ਮਾਣਕ ਦੀ ਝਲਕ ਪੈਂਦੀ ਹੈ। ਕਈ ਇਹ ਵੀ ਕਹਿੰਦੇ ਹਨ ਕਿ ਉਹ ਕੁਲਦੀਪ ਮਾਣਕ ਦੀ ਨਕਲ ਕਰਦਾ ਹੈ। ਇਸ ਦੇ ਜਵਾਬ ਵਿਚ ਉਸ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਦੀ ਨਕਲ ਨਹੀਂ ਕਰਦਾ, ਬਲਕਿ ਉਸ ਦੇ ਅੰਦਰ ਮਾਣਕ ਸਾਬ੍ਹ ਦੇ ਪਰਿਵਾਰ ਦਾ ਖੂਨ ਹੈ। ਦਰਅਸਲ, ਹਸਨ ਮਾਣਕ ਦੇ ਮਾਤਾ ਜੀ ਕੁਲਦੀਪ ਮਾਣਕ ਦੀ ਭਤੀਜੀ ਹੈ। ਉਸ ਦਾ ਹੀ ਅਸਰ ਹਸਨ ਦੀ ਗਾਇਕੀ ਉੱਪਰ ਦਿਖਾਈ ਦਿੰਦਾ ਹੈ।

ਹਸਨ ਮਾਣਕ ਨੇ ਅੱਜ ਤਕ ਜੋ ਵੀ ਗਾਇਆ ਆਪਣੇ ਨਾਨਾ ਜੀ ਵਾਂਗ ਹੀ ਸਾਫ਼ ਸੁਥਰਾ ਗਾਇਆ ਹੈ। ਉਸ ਨੇ ਦੱਸਿਆ ਕਿ ਇਕ ਵਾਰ ਕੁਲਦੀਪ ਮਾਣਕ ਜੀ ਨੇ ਉਸ ਨੂੰ ਕਿਹਾ ਸੀ ਕਿ ਜੇ ਗਾਉਣਾ ਹੀ ਹੈ ਤਾਂ ਅਜਿਹੇ ਗੀਤ ਗਾਈਂ ਜੋ ਆਪਣੀਆਂ ਧੀਆਂ-ਭੈਣਾਂ ਵਿਚ ਬੈਠ ਕੇ ਤੂੰ ਖ਼ੁਦ ਵੀ ਸੁਣ ਸਕੇਂ। ਇਸੇ ਲਈ ਉਨ੍ਹਾਂ ਦੀ ਗਾਇਨ ਸ਼ੈਲੀ ਨੂੰ ਬਰਕਰਾਰ ਰੱਖਕੇ ਉਹ ਉਨ੍ਹਾਂ ਵਾਂਗ ਹੀ ਗਾਉਣਾ ਚਾਹੁੰਦਾ ਹੈ।

ਅੱਜਕੱਲ੍ਹ ਆਈ.ਬੀ.ਪ੍ਰੋਡਕਸ਼ਨ ਦੇ ਬੈਨਰ ਹੇਠ ਇੰਦੀ ਬਲਿੰਗ ਹੁਰਾਂ ਨਾਲ ਜੁੜ ਕੇ ਗਾਇਕੀ ਦੇ ਖੇਤਰ ਵਿਚ ਆਪਣਾ ਜੌਹਰ ਦਿਖਾਉਣ ਜਾ ਰਹੇ ਇਸ ਨੌਜਵਾਨ ਗਾਇਕ ਦੇ ਜਲਦੀ ਹੀ ਕੁਝ ਗੀਤ ਸਰੋਤਿਆਂ ਸਾਹਮਣੇ ਆਉਣ ਵਾਲੇ ਹਨ। ਉਮੀਦ ਕਰ ਸਕਦੇ ਹਾਂ ਕਿ ਇਕ ਦਿਨ ਆਪਣੇ ਨਾਨਾ ਜੀ ਵਾਂਗ ਹੀ ਲੋਕ ਉਸ ਨੂੰ ਬਹੁਤ ਪਸੰਦ ਕਰਨਗੇ।