ਨਵੀਂ ਦਿੱਲੀ, 17 ਅਗਸਤ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ਼ਨਿੱਚਰਵਾਰ ਨੂੰ ਆਜ਼ਾਦੀ ਦਿਹਾੜੇ ਮੌਕੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਧੋਨੀ ਨੇ ਇਕ ਵੀਡੀਓ ਸੁਨੇਹੇ ਵਿੱਚ ਆਪਣੇ ਕਰੀਅਰ ਦੇ ਵੱਖ ਵੱਖ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਹੇਠਾਂ ਕੈਪਸ਼ਨ ਲਿਖੀ, ‘ਤੁਹਾਡੇ ਵੱਲੋਂ ਦਿੱਤੇ ਪਿਆਰ ਤੇ ਹਮਾਇਤ ਲਈ ਬਹੁਤ ਬਹੁਤ ਧੰਨਵਾਦ। ਅੱਜ 19:29 ਵਜੇ ਤੋਂ ਮੈਨੂੰ ਸੇਵਾ ਮੁਕਤ ਹੋਇਆ ਸਮਝ ਲੈਣਾ।’ ਦੋ ਵਾਰ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਕਪਤਾਨ ਰਹੇ ਧੋਨੀ ਨੇ ਹਾਲਾਂਕਿ ਇਸ ਗੱਲ ਦੀ ਬਹੁਤੀ ਤਫ਼ਸੀਲ ਨਹੀਂ ਦਿੱਤੀ ਕਿ ਉਹ ਕ੍ਰਿਕਟ ਨੂੰ ਪੂਰੀ ਤਰ੍ਹਾਂ ਅਲਵਿਦਾ ਆਖ ਰਿਹਾ ਹੈ ਜਾਂ ਫ਼ਿਰ ਸਿਰਫ਼ ਕੌਮਾਂਤਰੀ ਕ੍ਰਿਕਟ ਛੱਡ ਰਿਹੈ। ਧੋਨੀ ਇਸ ਵੇਲੇ ਚੇਨੱਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਚੇਨੱਈ ਸੁਪਰ ਕਿੰਗਜ਼ ਦੇ ਸਿਖਲਾਈ ਕੈਂਪ ਦਾ ਹਿੱਸਾ ਹੈ। ਉਮੀਦ ਹੈ ਕਿ ਉਹ 19 ਸਤੰਬਰ ਤੋਂ ਯੂਏਈ ਵਿੱਚ ਆਈਪੀਐੱਲ ਦੇ ਹੋਣ ਵਾਲੇ ਮੁਕਾਬਲਿਆਂ ’ਚ ਉਹ ਟੀਮ ਦੀ ਕਮਾਨ ਸੰਭਾਲੇਗਾ। ਧੋਨੀ ਨੇ ਆਖਰੀ ਇਕ ਰੋਜ਼ਾ ਮੁਕਾਬਲਾ ਸਾਲ 2019 ਦੇ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਸੀ। ਧੋਨੀ ਦੀ ਅਗਵਾਈ ਵਿੱਚ ਭਾਰਤੀ ਕ੍ਰਿਕਟ ਟੀਮ ਨੇ 2007 ਟੀ20 ਵਿਸ਼ਵ ਕੱਪ, 2011 ਵਿਸ਼ਵ ਕੱਪ ਤੇ 2013 ਚੈਂਪੀਅਨਜ਼ ਟਰਾਫ਼ੀ ਜਿਹੇ ਅਹਿਮ ਖਿਤਾਬ ਜਿੱਤੇ ਹਨ।  ਧੋਨੀ ਨੇ 30 ਦਸੰਬਰ 2014 ਨੂੰ ਟੈਸਟ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ ਸੀ। ਇਸ ਦੌਰਾਨ ਕੌਮਾਂਤਰੀ ਕ੍ਰਿਕਟ ਕੌਂਸਲ ਨੇ ਸ਼ਾਨਦਾਰ ਕੌਮਾਂਤਰੀ ਕਰੀਅਰ ਲਈ ਸਾਬਕਾ ਭਾਰਤੀ ਕਪਤਾਨ ਨੂੰ ਵਧਾਈ ਦਿੱਤੀ ਹੈ।  ਉਧਰ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਬੀਸੀਸੀਆਈ ਨੂੰ ਬੇਨਤੀ ਕੀਤੀ ਹੈ ਕਿ ਧੋਨੀ ਲਈ ਰਾਂਚੀ ਵਿੱਚ ਵਿਦਾਇਗੀ ਮੈਚ ਦਾ ਪ੍ਰਬੰਧ ਕੀਤਾ ਜਾਵੇ।