ਭਗਵੰਤ ਮਾਨ ਨੇ ਸੰਗਰੂਰ ਤੋਂ ‘ਬਿਜਲੀ ਅੰਦੋਲਨ’ ਕੀਤੀ ਸ਼ੁਰੂਆਤ

ਚੰਡੀਗੜ੍ਹ/ਸੰਗਰੂਰ, 8 ਫਰਵਰੀ 2019

ਬੇਹੱਦ ਮਹਿੰਗੇ ਬਿਜਲੀ ਬਿੱਲਾਂ ਤੋਂ ਬੇਹਾਲ ਪੰਜਾਬ ਦੇ ਲੋਕਾਂ ਦੇ ਹੱਕ ‘ਚ ਡਟਦਿਆਂ ਆਮ ਆਦਮੀ ਪਾਰਟੀ (ਆਪ) ਨੇ ਅੱਜ ਸੰਗਰੂਰ ਜ਼ਿਲ੍ਹੇ ਤੋਂ ‘ਬਿਜਲੀ ਅੰਦੋਲਨ’ ਸ਼ੁਰੂ ਕਰ ਦਿੱਤਾ ਹੈ। ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਸੰਗਰੂਰ ਵਿਧਾਨ ਸਭਾ ਹਲਕੇ ਦੇ ਪਿੰਡ ਘਰਾਚੋਂ ਅਤੇ ਸੁਨਾਮ ਦੇ ਪਿੰਡ ਸ਼ੇਰੋਂ ‘ਚ ‘ਬਿਜਲੀ ਅੰਦੋਲਨ’ ਹੇਠ ਸੈਂਕੜਿਆਂ ਦੀ ਗਿਣਤੀ ‘ਚ ਲੋਕ ਹੱਦ ਤੋਂ ਮਹਿੰਗੇ 60-60 ਹਜ਼ਾਰ ਰੁਪਏ ਤੱਕ ਦੇ ਬਿਜਲੀ ਦੇ ਬਿਲ ਲੈ ਕੇ ਪਹੁੰਚੇ।

ਇਸ ਮੌਕੇ ਭਗਵੰਤ ਮਾਨ ਨੇ ਦਰਜਨਾਂ ਲੋਕਾਂ ਨੂੰ ਮੀਡੀਆ ਅੱਗੇ ਪੇਸ਼ ਕੀਤਾ ਜੋ ਇੱਕ-ਇੱਕ, ਦੋ-ਦੋ ਬਲਬ ਪੱਖਿਆਂ ਦੇ ਹਜ਼ਾਰਾਂ ਰੁਪਏ ਦੇ ਬਿਲ ਹੱਥਾਂ ‘ਚ ਲੈ ਕੇ ਪਹੁੰਚੇ ਹੋਏ ਸਨ। ਘਰਾਚੋਂ ਪਿੰਡ ‘ਚ ਬਿਜਲੀ ਕਮੇਟੀ ਗਠਿਤ ਕਰਦੇ ਹੋਏ ਭਗਵੰਤ ਮਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਪਿੰਡਾਂ ‘ਚ ਬਿਜਲੀ ਕਮੇਟੀਆਂ ਦਾ ਗਠਨ ਕਰੇਗੀ, ਜੋ ਲੋਕਾਂ ਦੇ ਨਜਾਇਜ਼ ਮਹਿੰਗੇ ਅਤੇ ਗ਼ਲਤ ਬਿਲ ਸਹੀ ਕਰਾਉਣ ਲਈ ਬਿਜਲੀ ਅਧਿਕਾਰੀਆਂ ਨਾਲ ਗੱਲ ਕਰੇਗੀ ਅਤੇ ਲੋੜ ਪੈਣ ‘ਤੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗੀ।

ਇਸ ਮੌਕੇ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਅਤੇ ਜਗਰਾਓ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਮੌਜੂਦਗੀ ‘ਚ ਭਗਵੰਤ ਮਾਨ ਨੇ ਦੱਸਿਆ ਕਿ ਜਿੱਥੇ ਚੀਮਾ ਦੀ ਅਗਵਾਈ ਹੇਠ ਬਿਜਲੀ ਦੇ ਮਹਿੰਗੇ ਬਿੱਲਾਂ ਦਾ ਮੁੱਦਾ ਵਿਧਾਨ ਸਭਾ ‘ਚ ਉਠਾਇਆ ਜਾਵੇਗਾ ਉੱਥੇ ਉਹ ਖ਼ੁਦ ਪਾਰਲੀਮੈਂਟ ‘ਚ ਉਠਾਉਣਗੇ।

ਬਿਜਲੀ ਦੇ ਬਿੱਲਾਂ ਦੇ ਸਤਾਏ ਹੋਏ ਲੋਕਾਂ ਨੇ ਹੱਥ ਖੜੇ ਕਰ ਕੇ ਬਿਜਲੀ ਬਿੱਲਾਂ ਖ਼ਿਲਾਫ਼ ਆਰ ਪਾਰ ਦੀ ਲੜਾਈ ਲੜਨ ਦਾ ਅਹਿਦ ਲਿਆ। ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਦੀ ਮਹਿੰਗਾਈ ਦੀ ਅੱਗ ਅਮੀਰਾਂ ਅਤੇ ਗ਼ਰੀਬਾਂ ਸਮੇਤ ਕਿਸੇ ਨੂੰ ਨਹੀਂ ਬਖ਼ਸ਼ ਰਹੀ। ਇਸ ਲਈ ਜੇਕਰ ਹੁਣ ਇੱਕਜੁੱਟ ਹੋ ਕੇ ਇਸ ਅੰਦੋਲਨ ਦਾ ਹਿੱਸਾ ਬਣੋਗੇ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਮਹਿੰਗਾਈ ਦੀ ਮਾਰ ਤੋਂ ਨਿਜਾਤ ਦਿਵਾ ਕੇ ਰਹੇਗੀ।

ਭਗਵੰਤ ਮਾਨ ਨੇ ਮਹਿੰਗੀ ਬਿਜਲੀ ਲਈ ਪ੍ਰਾਈਵੇਟ ਬਿਜਲੀ ਕੰਪਨੀਆਂ (ਥਰਮਲ ਪਲਾਂਟਾਂ) ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੱਸਿਆ ਕਿ ਪਿਛਲੀ ਬਾਦਲ ਸਰਕਾਰ ਮੌਕੇ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਨੇ ਪ੍ਰਾਈਵੇਟ ਕੰਪਨੀਆਂ ਨਾਲ ਮਹਿੰਗੇ ਰੇਟਾਂ ‘ਤੇ ਲੰਮੇ ਸਮੇਂ ਲਈ ਸਮਝੌਤੇ ਕੀਤੇ ਸਨ ਅਤੇ ਵਿਚ ਆਪਣੀ ਮੋਟੀ ਹਿੱਸੇਦਾਰੀ ਰੱਖੀ। ਸਰਕਾਰੀ ਥਰਮਲ ਪਲਾਟਾਂ ਨੂੰ ਬੰਦ ਕਰ ਕੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਇੰਨੇ ਘਾਤਕ ਸਮਝੌਤੇ ਕੀਤੇ ਗਏ ਕਿ ਪੰਜਾਬ ਸਰਕਾਰ ਬੇਸ਼ੱਕ ਬਿਜਲੀ ਖ਼ਰੀਦੇ ਜਾਂ ਨਾ ਖ਼ਰੀਦੇ ਉਨ੍ਹਾਂ ਨੂੰ ਬੰਨਵੀਂ ਰਾਸ਼ੀ ਜਾਂਦੀ ਰਹੇਗੀ।

ਇਸ ਮੌਕੇ ਬੋਲਦਿਆਂ ਮਾਨ ਨੇ ਕਿਹਾ ਕਿ ਦਿੱਲੀ ਵਿਚ ਬਿਜਲੀ ਦੇ ਰੇਟ ਪੂਰੇ ਦੇਸ਼ ਨਾਲੋਂ ਸਸਤੇ ਹਨ। ਦਿੱਲੀ ਵਿਚ 200 ਯੂਨਿਟ ਤੱਕ ਬਿਜਲੀ ਖਪਤ ਕਰਨ ਤੇ 1 ਰੁਪਏ ਪ੍ਰਤੀ ਯੂਨਿਟ ਦਾ ਖਰਚਾ ਆਉਂਦਾ ਹੈ ਇਸੇ ਤਰ੍ਹਾਂ 200 ਯੂਨਿਟ ਤੋਂ 400 ਯੂਨਿਟ ਤੱਕ ਪ੍ਰਤੀ ਯੂਨਿਟ 2.50 ਰੁਪਏ ਵਸੂਲੇ ਜਾਂਦੇ ਹਨ। ਜਦੋਂ ਕਿ ਪੰਜਾਬ ਵਿੱਚ 100 ਯੂਨਿਟ ਤੱਕ ਬਿਜਲੀ ਖਪਤ ਕਰਨ ਤੇ 6 ਰੁਪਏ ਪ੍ਰਤੀ ਯੂਨਿਟ ਅਤੇ 300 ਯੂਨਿਟ ਖਪਤ ਤੇ 8.50 ਰੁਪਏ ਪ੍ਰਤੀ ਯੂਨਿਟ ਵਸੂਲੇ ਜਾਂਦੇ ਹਨ। ਮਾਨ ਨੇ ਕਿਹਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਦਿੱਲੀ ਆਪਣੇ ਸੂਬੇ ਵਿੱਚ ਬਿਜਲੀ ਦਾ ਉਤਪਾਦਨ ਨਹੀਂ ਕਰਦੀ ਅਤੇ ਹੋਰ ਰਾਜਾਂ ਤੋਂ ਬਿਜਲੀ ਖ਼ਰੀਦ ਕੇ ਦਿੱਲੀ ਦੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾ ਰਹੀ ਹੈ ਜਦੋਂ ਕਿ ਪੰਜਾਬ ਵਿੱਚ ਬਿਜਲੀ ਪੈਦਾ ਕਰਨ ਦੇ ਅਨੇਕਾਂ ਸਰੋਤ ਹਨ ਅਤੇ ਪੰਜਾਬ ਬਿਜਲੀ ਸਰਪਲੱਸ ਸੂਬਾ ਹੋਣ ਦੀ ਗੱਲ ਵੀ ਕਰਦਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸੱਚਮੁੱਚ ਪੰਜਾਬ ਦੇ ਲੋਕਾਂ ਦੇ ਮੁੱਦਈ ਹੁੰਦੇ ਤਾਂ ਉਹ ਬਾਦਲਾਂ ਦੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਘਪਲੇਬਾਜ਼ੀ ਸਮਝੌਤਿਆਂ ਦੀ ਜਾਂਚ ਕਾਰਵਾਈ ਜਾਂਦੀ। ਸੂਬੇ ਦੇ ਲੋਕਾਂ ਦੀ ਲੁੱਟ ਰੋਕਣ ਲਈ ਸਮਝੌਤੇ ਰੱਦ ਕੀਤੇ ਜਾਂਦੇ, ਮਤਾ ਵਿਧਾਨ ਸਭਾ ‘ਚ ਲਿਆ ਕੇ ਬਾਦਲਾਂ ਸਮੇਤ ਸਭ ਲੁਟੇਰਿਆਂ ‘ਤੇ ਕਾਰਵਾਈ ਕੀਤੀ ਜਾਂਦੀ ਤਾਂ ਆਮ ਆਦਮੀ ਪਾਰਟੀ ਵੀ ਕੈਪਟਨ ਸਰਕਾਰ ਦਾ ਸਵਾਗਤ ਕਰਦੀ ਕਿਉਂਕਿ ਇਹ ਲੋਕ ਹਿਤ ਦਾ ਫ਼ੈਸਲਾ ਹੁੰਦਾ। ਪਰੰਤੂ ਕੈਪਟਨ ਨੇ ਬਾਦਲਾਂ ਵਾਂਗ ਆਪਣੀ ਹਿੱਸੇਦਾਰੀ ਫਿਕਸ ਕਰ ਲਈ ਅਤੇ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਰਾਹੀ ਲੁੱਟਣ ਲਈ ਛੱਡ ਦਿੱਤਾ। ਭਗਵੰਤ ਮਾਨ ਨੇ ਬਾਦਲਾਂ ਵੱਲੋਂ ਬੰਦ ਕੀਤੇ ਬਠਿੰਡਾ ਥਰਮਲ ਪਲਾਂਟ ਨੂੰ ਨਾ ਸ਼ੁਰੂ ਕਰਨ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਰੱਜ ਕੇ ਕੋਸਿਆ।

ਇਸ ਮੌਕੇ ਹਰਪਾਲ ਸਿੰਘ ਚੀਮਾ, ਬੀਬੀ ਸਰਬਜੀਤ ਕੌਰ ਮਾਣੂੰਕੇ, ਨਰਿੰਦਰ ਸਿੰਘ ਸ਼ੇਰਗਿੱਲ, ਦਲਬੀਰ ਸਿੰਘ ਢਿੱਲੋਂ, ਰਾਜਵੰਤ ਸਿੰਘ ਘੁੱਲੀ, ਨਰਿੰਦਰ ਕੌਰ ਭਰਾਜ, ਭੁਪਿੰਦਰ ਕੌਰ ਫ਼ਿਰੋਜ਼ਪੁਰ, ਸੁਖਰਾਜ ਸਿੰਘ ਗੋਰਾ ਫ਼ਿਰੋਜ਼ਸ਼ਾਹ, ਰਾਜਵੀਰ ਸਿੰਘ ਘਰਾਚੋਂ, ਗੁਰਵਿੰਦਰ ਸਿੰਘ ਘਰਾਚੋਂ, ਗੁਰਦੀਪ ਸਿੰਘ ਫੱਗੂਵਾਲਾ, ਇੰਦਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ।