ਨਵੀਂ ਦਿੱਲੀ:
ਥੋਕ ਮੁੱਲ ਸੂਚਕ ਅੰਕ (ਡਬਲਯੂਪੀਆਈ) ’ਤੇ ਆਧਾਰਿਤ ਮਹਿੰਗਾਈ ਦਰ ਮਈ ’ਚ ਘਟ ਕੇ ਮਨਫੀ ਤੋਂ 3.48 ਫੀਸਦ ਹੇਠਾਂ ਆ ਗਈ ਹੈ ਜੋ ਇਸ ਦਾ ਕਈ ਸਾਲਾਂ ਦਾ ਸਭ ਤੋਂ ਹੇਠਲਾ ਪੱਧਰ ਹੈ। ਮੁੱਖ ਤੌਰ ’ਤੇ ਖੁਰਾਕੀ ਵਸਤਾਂ, ਤੇਲ (ਈਂਧਣ) ਅਤੇ ਨਿਰਮਿਤ ਵਸਤਾਂ ਦੇ ਭਾਅ ਘਟਣ ਨਾਲ ਥੋਕ ਮਹਿੰਗਾਈ ਦਰ ’ਚ ਗਿਰਾਵਟ ਆਈ ਹੈ। ਲਗਾਤਾਰ ਦੂਜੇ ਮਹੀਨੇ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ ਮਨਫੀ ਤੋਂ ਹੇਠਾਂ ਰਹੀ ਹੈ। ਇਸ ਤੋਂ ਪਹਿਲਾਂ ਅਪਰੈਲ ’ਚ ਇਹ ਮਨਫੀ 0.92 ਫੀਸਦ ’ਤੇ ਸੀ। ਮਈ 2022 ’ਚ ਥੋਕ ਮਹਿੰਗਾਈ ਦਰ 16.63 ਫੀਸਦ ’ਤੇ ਸੀ। ਥੋਕ ਮਹਿੰਗਾਈ ਦਰ ਦੇ ਹੇਠਾਂ ਆਉਣ ਨਾਲ ਅਗਲੇ ਮਹੀਨਿਆਂ ’ਚ ਨੀਤੀਗਤ ਦਰਾਂ ਦੀ ਸਥਿਤੀ ਬਰਕਰਾਰ ਰਹਿਣ ਦੀ ਸੰਭਾਵਨਾ ਵਧ ਗਈ ਹੈ। ਮਈ 2023 ਦੀ ਥੋਕ ਮਹਿੰਗਾਈ ਦਰ ਦਾ ਅੰਕੜਾ ਪਿਛਲੇ ਕਈ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਇਸ ਤੋਂ ਪਹਿਲਾਂ ਮਈ 2020 ’ਚ ਥੋਕ ਮਹਿੰਗਾਈ ਮਨਫੀ 3.37 ਫੀਸਦ ’ਤੇ ਸੀ। ਮਈ ਮਹੀਨੇ ’ਚ ਪ੍ਰਚੂਨ ਮਹਿੰਗਾਈ ਦਰ ਵੀ ਘਟ ਕੇ 25 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 4.25 ਫੀਸਦ ਰਹੀ ਹੈ। ਵਣਜ ਤੇ ਸਨਅਤ ਮੰਤਰਾਲੇ ਨੇ ਅੱਜ ਕਿਹਾ, ‘ਮਈ ’ਚ ਥੋਕ ਮਹਿੰਗਾਈ ਦਰ ’ਚ ਗਿਰਾਵਟ ਦੀ ਮੁੱਖ ਵਜ੍ਹਾ ਖੁਰਾਕੀ ਤੇਲ, ਮੂਲ ਧਾਤਾਂ, ਖੁਰਾਕੀ ਉਤਪਾਦਾਂ, ਕੱਪੜਾ, ਗ਼ੈਰ-ਖੁਰਾਕੀ ਵਸਤਾਂ, ਕੱਚੇ ਪੈਟਰੋਲੀਅਮ ਤੇ ਕੁਦਰਤੀ ਗੈਸ, ਰਸਾਇਣ ਤੇ ਰਸਾਇਣਕ ਉਤਪਾਦਾਂ ਦੀਆਂ ਕੀਮਤਾਂ ’ਚ ਕਮੀ ਹੈ।’ ਸਰਕਾਰੀ ਅੰਕੜਿਆਂ ਅਨੁਸਾਰ ਮਈ ’ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਘਟ ਕੇ 1.51 ਫੀਸਦ ’ਤੇ ਆ ਗਈ ਹੈ। ਇਹ ਅਪਰੈਲ ’ਚ 3.54 ਫੀਸਦ ਸੀ।