ਕਪੂਰਥਲਾ, ਮੱਧ ਰੇਲਵੇ ਮੁੰਬਈ ਦੀ ਟੀਮ ਨੇ ਅੱਜ ਇੱਥੇ ਫਾਈਨਲ ਵਿੱਚ ਉੱਤਰ ਰੇਲਵੇ ਨਵੀਂ ਦਿੱਲੀ ਦੀ ਟੀਮ ਨੂੰ ਪੈਨਲਟੀ ਸ਼ੂਟ-ਆਊਟ ਰਾਹੀਂ 3-1 ਨਾਲ ਹਰਾ ਕੇ 41ਵੀਂ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਜਿੱਤ ਲਈ। ਮੌਜੂਦਾ ਚੈਂਪੀਅਨ ਅਤੇ ਮੇਜ਼ਬਾਨ ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਦੀ ਟੀਮ ਤੀਜੇ ਸਥਾਨ ’ਤੇ ਰਹੀ।
ਫਾਈਨਲ ਵਿੱਚ ਕੋਈ ਗੋਲ ਨਾ ਹੋਣ ਕਾਰਨ ਪੈਨਲਟੀ ਸ਼ੂਟ-ਆਊਟ ਦਾ ਸਹਾਰਾ ਲੈਣਾ ਪਿਆ। ਮੱਧ ਰੇਲਵੇ ਮੁੰਬਈ ਦੀ ਗੋਲਕੀਪਰ ਈ ਰਜਨੀ ਦੇ ਜ਼ਬਰਦਸਤ ਬਚਾਅ ਕਾਰਨ ਉਤਰ ਰੇਲਵੇ ਦੀ ਟੀਮ ਸਿਰਫ਼ ਇੱਕ ਹੀ ਗੋਲ ਕਰ ਸਕੀ। ਮੁਬੰਈ ਦੀ ਮੋਨਿਕਾ ਨੇ ਦੋ ਅਤੇ ਪ੍ਰੀਤੀ ਦੂਬੇ ਨੇ ਇੱਕ ਗੋਲ ਕੀਤਾ। ਰਜਨੀ ਨੂੰ ‘ਪਲੇਅਰ ਆਫ਼ ਦਿ ਮੈਚ’ ਚੁਣਿਆ ਗਿਆ। ਇਸ ਤੋਂ ਪਹਿਲਾ ਤੀਜੇ ਸਥਾਨ ਲਈ ਖੇਡੇ ਮੈਚ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਪੱਛਮੀ ਰੇਲਵੇ ਮੁੰਬਈ ਨੂੰ 5-2 ਨਾਲ ਹਰਾਇਆ। ਆਰਸੀਐੱਫ ਦੀ ਪ੍ਰਿਯੰਕਾ ‘ਪਲੇਅਰ ਆਫ ਦਿ ਟੂਰਨਾਮੈਂਟ’ ਬਣੀ।