ਕੁਆਲਾਲੰਪੁਰ, 9 ਅਪਰੈਲ
ਨਵਨੀਤ ਕੌਰ ਦੇ ਦੋ ਗੋਲਾਂ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ ਦੋ ਗੋਲਾਂ ਨਾਲ ਪੱਛੜਣ ਮਗਰੋਂ ਵਾਪਸੀ ਕਰਦਿਆਂ ਅੱਜ ਇੱਥੇ ਪੰਜ ਮੈਚਾਂ ਦੀ ਲੜੀ ਦੇ ਤੀਜੇ ਮੈਚ ਵਿੱਚ ਮਲੇਸ਼ੀਆ ਨੂੰ 4-4 ਨਾਲ ਬਰਾਬਰੀ ’ਤੇ ਰੋਕ ਦਿੱਤਾ। ਭਾਰਤ ਨੇ ਚੰਗੀ ਸ਼ੁਰੂਆਤ ਕਰਦਿਆਂ 2-0 ਦੀ ਲੀਡ ਬਣਾਈ, ਪਰ ਇਸ ਮਗਰੋਂ ਡਿਫੈਂਸ ਨੇ ਕਾਫ਼ੀ ਗ਼ਲਤੀਆਂ ਕੀਤੀਆਂ, ਜਿਸ ਕਾਰਨ ਮਲੇਸ਼ੀਆ ਨੇ ਲਗਾਤਾਰ ਚਾਰ ਗੋਲ ਕਰਦਿਆਂ 4-2 ਦੀ ਲੀਡ ਬਣਾ ਲਈ।
ਭਾਰਤੀ ਟੀਮ ਹਾਲਾਂਕਿ ਵਾਪਸੀ ਕਰਦਿਆਂ ਮੈਚ ਡਰਾਅ ਕਰਵਾਉਣ ਵਿੱਚ ਸਫਲ ਰਹੀ। ਨਵਜੋਤ ਕੌਰ ਨੇ 13ਵੇਂ ਮਿੰਟ ਵਿੱਚ ਭਾਰਤ ਨੂੰ ਲੀਡ ਦਿਵਾਈ, ਜਿਸ ਮਗਰੋਂ 22ਵੇਂ ਮਿੰਟ ਵਿੱਚ ਨਵਜੋਤ ਕੌਰ ਨੇ ਸਕੋਰ ਦੁੱਗਣਾ ਕਰ ਦਿੱਤਾ। ਗੁਰਦੀਪ ਕਿਰਨਦੀਪ ਨੇ 26ਵੇਂ ਮਿੰਟ ਵਿੱਚ ਮਲੇਸ਼ੀਆ ਵੱਲੋਂ ਪਹਿਲਾ ਗੋਲ ਦਾਗ਼ਿਆ। ਇਹ ਲੜੀ ਵਿੱਚ ਮਲੇਸ਼ੀਆ ਦਾ ਪਹਿਲਾ ਗੋਲ ਸੀ। ਟੀਮ ਨੂੰ ਪਹਿਲੇ ਦੋ ਮੈਚਾਂ ਵਿੱਚ ਭਾਰਤ ਖ਼ਿਲਾਫ਼ 0-3 ਗੋਲਾਂ ਅਤੇ 0-5 ਗੋਲਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲਾ ਗੋਲ ਕਰਨ ਮਗਰੋਂ ਮਲੇਸ਼ੀਆ ਨੇ ਜ਼ੋਰਦਾਰ ਹਮਲੇ ਕੀਤੇ ਅਤੇ ਭਾਰਤੀ ਡਿਫੈਂਸ ਨੇ ਕਈ ਗ਼ਲਤੀਆ ਕੀਤੀਆਂ। ਮਲੇਸ਼ੀਆ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਨੁਰਾਨੀ ਰਾਸ਼ਿਦ ਨੇ ਗੋਲ ਵਿੱਚ ਬਦਲਿਆ।
ਨੁਰਾਮਿਰਾ ਜੁਲਕਿਫਲੀ ਅਤੇ ਨੁਰਾਨੀ ਰਾਸ਼ਿਦ ਨੇ ਕ੍ਰਮਵਾਰ 35ਵੇਂ ਅਤੇ 38ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਦੋ ਹੋਰ ਗੋਲ ਦਾਗ਼ ਕੇ ਮਲੇਸ਼ੀਆ ਨੂੰ 4-2 ਨਾਲ ਅੱਗੇ ਕਰ ਦਿੱਤਾ। ਭਾਰਤ ਨੇ ਹਾਲਾਂਕਿ ਆਖ਼ਰੀ ਕੁਆਰਟਰ ਵਿੱਚ ਵਾਪਸੀ ਕਰਦਿਆਂ 45ਵੇਂ ਮਿੰਟ ਵਿੱਚ ਨਵਨੀਤ ਅਤੇ 54ਵੇਂ ਮਿੰਟ ਵਿੱਚ ਲਾਲਰੇਮਸਿਆਮੀ ਦੇ ਗੋਲ ਦੀ ਬਦੌਲਤ ਬਰਾਬਰੀ ਹਾਸਲ ਕੀਤੀ।