ਕੈਨਬਰਾ (ਆਸਟਰੇਲੀਆ), 5 ਦਸੰਬਰ
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਤਿੰਨ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਅੱਜ ਇੱਥੇ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਪਹਿਲਾ ਮੈਚ ਜਿੱਤ ਲਿਆ। ਲਾਲਰਿੰਦਿਕੀ ਨੇ 15ਵੇਂ ਮਿੰਟ ਵਿੱਚ ਭਾਰਤ ਲਈ ਪਹਿਲਾ ਗੋਲ ਕੀਤਾ, ਜਦਕਿ ਮਿਡਫੀਲਡਰ ਪ੍ਰਭਲੀਨ ਕੌਰ ਨੇ 60ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਭਾਰਤ ਦੀ ਜਿੱਤ ਵਿੱਚ ਯੋਗਦਾਨ ਪਾਇਆ।
ਭਾਰਤ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ ਅਤੇ ਨਿਊਜ਼ੀਲੈਂਡ ਦੀ ਇੱਕ ਨਹੀਂ ਚੱਲਣ ਦਿੱਤੀ। ਕਿਵੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਕੱਲ੍ਹ (ਮੰਗਲਵਾਰ ਨੂੰ) ਆਸਟਰੇਲੀਆ ਨੂੰ 3-1 ਨਾਲ ਹਰਾਇਆ ਸੀ। ਭਾਰਤ ਨੂੰ ਤੀਜੇ ਮਿੰਟ ਵਿੱਚ ਹੀ ਪੈਨਲਟੀ ਕਾਰਨਰ ਮਿਲਿਆ, ਪਰ ਉਹ ਇਸ ਨੂੰ ਗੋਲ ਵਿੱਚ ਨਹੀਂ ਬਦਲ ਸਕਿਆ। ਪਹਿਲਾ ਕੁਆਰਟਰ ਖ਼ਤਮ ਹੋਣ ਤੋਂ ਠੀਕ ਪਹਿਲਾਂ ਨਿਊਜ਼ੀਲੈਂਡ ਦੇ ਡਿਫੈਂਸ ਦੀ ਗ਼ਲਤੀ ਕਾਰਨ ਭਾਰਤ ਨੂੰ ਗੋਲ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਅਤੇ ਲਾਲਰਿੰਦਿਕੀ ਨੇ ਇਸ ਦਾ ਫ਼ਾਇਦਾ ਉਠਾਉਂਦਿਆਂ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਗੋਲਕੀਪਰ ਬਿਛੂ ਦੇਵੀ ਖਰੀਬਮ ਨੇ ਦੂਜੇ ਕੁਆਰਟਰ ਵਿੱਚ ਕੁੱਝ ਚੰਗੇ ਬਚਾਅ ਕਰਕੇ ਨਿਊਜ਼ੀਲੈਂਡ ਨੂੰ ਬਰਾਬਰੀ ਕਰਨ ਦਾ ਮੌਕਾ ਨਹੀਂ ਦਿੱਤਾ। ਤੀਜੇ ਕੁਆਰਟਰ ਵਿੱਚ ਵੀ ਦੋਵਾਂ ਟੀਮਾਂ ਨੂੰ ਕੁਝ ਮੌਕੇ ਮਿਲੇ, ਪਰ ਗੋਲ ਨਹੀਂ ਕਰ ਸਕੀਆਂ। ਚੌਥੇ ਕੁਆਰਟਰ ਵਿੱਚ ਦੋਵਾਂ ਟੀਮਾਂ ਨੇ ਇੱਕ-ਦੂਜੇ ’ਤੇ ਦਬਦਬਾ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ।
ਇਸ ਦੌਰਾਨ ਭਾਰਤ ਨੇ 48ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਦਾ ਚੰਗਾ ਬਚਾਅ ਕੀਤਾ। ਮੈਚ ਖ਼ਤਮ ਹੋਣ ਵਿੱਚ ਜਦੋਂ 30 ਸੈਕਿੰਡ ਰਹਿੰਦੇ ਸਨ ਤਾਂ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਪ੍ਰਭਲੀਨ ਨੇ ਗੋਲ ਵਿੱਚ ਬਦਲਣ ਵਿੱਚ ਗ਼ਲਤੀ ਨਹੀਂ ਕੀਤੀ। ਭਾਰਤ ਆਪਣੇ ਦੂਜੇ ਮੈਚ ਵਿੱਚ ਵੀਰਵਾਰ ਨੂੰ ਮੇਜ਼ਬਾਨ ਆਸਟਰੇਲੀਆ ਨਾਲ ਭਿੜੇਗਾ।