ਕ੍ਰਾਈਸਟਚਰਚ:ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਲੀਗ ਮੈਚ ’ਚ ਦੱਖਣੀ ਅਫ਼ਰੀਕਾ ਤੋਂ ਤਿੰਨ ਵਿਕਟਾਂ ਨਾਲ ਹਾਰ ਕੇ ਭਾਰਤ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਵੱਲੋਂ ਸਮ੍ਰਿਤੀ ਮੰਧਾਨਾ, ਮਿਤਾਲੀ ਰਾਜ ਤੇ ਸ਼ੈਫਾਲੀ ਵਰਮਾ ਨੇ ਅਰਧ ਸੈਂਕੜੇ ਜੜੇ ਤੇ ਸਕੋਰ ਨੂੰ ਸੱਤ ਵਿਕਟਾਂ ’ਤੇ 274 ਤੱਕ ਪਹੁੰਚਾਇਆ। ਜਦਕਿ ਦੱਖਣੀ ਅਫ਼ਰੀਕਾ ਵੱਲੋਂ ਲੌਰਾ ਵੋਲਵਾਰਟ ਨੇ 80 ਦੌੜਾਂ ਬਣਾਈਆਂ ਤੇ ਲਾਰਾ ਗੁੱਡਬਾਲ (49) ਨਾਲ 125 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਦੀ ਹਾਰ ਨਾਲ ਹੁਣ ਵੈਸਟ ਇੰਡੀਜ਼ ਸੈਮੀਫਾਈਨਲ ਵਿਚ ਪਹੁੰਚ ਗਿਆ ਹੈ। ਭਾਰਤ ਵੱਲੋਂ ਹਰਮਨਪ੍ਰੀਤ ਕੌਰ ਨੇ 42 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਦੱਖਣੀ ਅਫ਼ਰੀਕਾ ਨੂੰ ਭਾਰਤ ਵੱਲੋਂ ਦਿੱਤਾ ਟੀਚਾ ਸਰ ਕਰਨ ਲਈ ਪੂਰੇ 50 ਓਵਰ ਖੇਡਣਾ ਪਿਆ। ਇਸ ਦੌਰਾਨ ਦੱਖਣੀ ਅਫ਼ਰੀਕਾ ਨੇ ਸੱਤ ਵਿਕਟਾਂ ਵੀ ਗੁਆਈਆਂ।