ਨਵੀਂ ਦਿੱਲੀ, 20 ਸਤੰਬਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਤੇ ਖਾਸ ਕਰਕੇ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਨਾਰੀ ਸ਼ਕਤੀ ਵੰਦਨ ਅਧੀਨਿਯਮ ਪ੍ਰਤੀ ਹੁਣ ਤੱਕ ਸਿਰਫ਼ ਦਿਖਾਵਾ ਹੀ ਕੀਤਾ ਗਿਆ ਹੈ ਅਤੇ ਕਾਂਗਰਸ ਨੇ ਕਦੀ ਵੀ ਵਿਧਾਨ ਸੰਸਥਾਵਾਂ ’ਚ ਮਹਿਲਾ ਰਾਖਵਾਂਕਰਨ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੇ ਜਾਂ ਤਾਂ ਕਾਨੂੰਨ ਖਤਮ ਹੋਣ ਦਿੱਤੇ ਜਾਂ ਫਿਰ ਉਨ੍ਹਾਂ ਦੀਆਂ ਭਾਈਵਾਲ ਪਾਰਟੀਆਂ ਨੇ ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਹੋਣ ਤੋਂ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੇ ਲੋਕ ਸੰਸਦ ’ਚ ਨਾਰੀਸ਼ਕਤੀ ਵੰਦਨ ਅਧਿਨਿਯਮ ਦੀ ਸ਼ੁਰੂਆਤ ਦਾ ਆਨੰਦ ਮਾਣ ਰਹੇ ਹਨ ਅਤੇ ਇਹ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਮੋਦੀ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਐਕਸ ’ਤੇ ਲਿਖਿਆ, ‘ਅਫਸੋਸ ਦੀ ਗੱਲ ਹੈ ਕਿ ਵਿਰੋਧੀ ਧਿਰ ਇਸ ਨੂੰ ਪਚਾ ਨਹੀਂ ਪਾ ਰਹੀ ਅਤੇ ਇਸ ਤੋਂ ਸ਼ਰਮ ਦੀ ਗੱਲ ਇਹ ਹੈ ਕਿ ਦਿਖਾਵੇ ਨੂੰ ਛੱਡ ਕੇ ਕਾਂਗਰਸ ਕਦੀ ਵੀ ਮਹਿਲਾ ਰਾਖਵਾਂਕਰਨ ਨੂੰ ਲੈ ਕੇ ਗੰਭੀਰ ਨਹੀਂ ਰਹੀ।