ਮੁੰਬਈ, 10 ਫਰਵਰੀ

ਮੁੰਬਈ ਦੀਆਂ ਪੰਜ ਆਧੁਨਿਕ ਭਾਰਤੀ ਔਰਤਾਂ ਦੇ ਜੀਵਨ ’ਤੇ ਆਧਾਰਤ ਨਿਰਮਾਤਾ ਅਲੰਕ੍ਰਿਤਾ ਸ੍ਰੀਵਾਸਤਵ ਦੀ ਸੀਰੀਜ਼ ‘ਬੌਂਬੇ ਬੇਗਮਜ਼’ ਅੱਠ ਮਾਰਚ ਨੂੰ ਕੌਮੀ ਮਹਿਲਾ ਦਿਵਸ ਮੌਕੇ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਇਸ ਸੀਰੀਜ਼ ਵਿੱਚ ਪੂਜਾ ਭੱਟ, ਸ਼ਾਹਾਨਾ ਗੋਸਵਾਮੀ, ਅੰਮ੍ਰਿਤਾ ਸੁਭਾਸ਼, ਪਲਾਬਿਤਾ ਬੋਰਠਾਕੁਰ ਅਤੇ ਆਧਿਆ ਆਨੰਦ ਦੇ ਨਾਲ ਰਾਹੁਲ ਬੋਸ, ਵਿਵੇਕ ਗੋਂਬਰ ਅਤੇ ਦਾਨਿਸ਼ ਹੁਸੈਨ ਨਜ਼ਰ ਆਉਣਗੇ। ‘ਲਿਪਸਟਿਕ ਅੰਡਰ ਮਾਈ ਬੁਰਖਾ’ ਅਤੇ ‘ਡੌਲੀ ਕਿੱਟੀ ਔਰ ਵੋ ਚਮਕਤੇ ਸਿਤਾਰੇ’ ਲਈ ਜਾਣੀ ਜਾਂਦੀ ਅਲੰਕ੍ਰਿਤਾ ਨੇ ਉਮੀਦ ਜ਼ਾਹਿਰ ਕੀਤੀ ਕਿ ਭਾਰਤ ਅਤੇ ਦੁਨੀਆਂ ਭਰ ਦੀਆਂ ਔਰਤਾਂ ਇਸ ਕਹਾਣੀ ਨਾਲ ਜੁੜ ਸਕਣਗੀਆਂ। ਉਸ ਨੇ ਦੱਸਿਆ, ‘‘ਇਹ ਸੀਰੀਜ਼ ਕੰਮਕਾਜੀ ਭਾਰਤੀ ਔਰਤਾਂ ਦੇ ਸਫਰ ਬਾਰੇ ਹੈ, ਜੋ ਤਾਕਤ ਅਤੇ ਸਫ਼ਲਤਾ ਦੀਆਂ ਚਾਹਵਾਨ ਹਨ ਪਰ ਉਨ੍ਹਾਂ ਨੂੰ ਕਈ ਹੋਰ ਚੀਜ਼ਾਂ ਨਾਲ ਜੂਝਣਾ ਪੈਂਦਾ ਹੈ। ਇਹ ਕਹਾਣੀ ਉਨ੍ਹਾਂ ਨੂੰ ਰੋਜ਼ ਪੇਸ਼ ਆਉਣ ਵਾਲੀਆਂ ਸਮੱਸਿਆਵਾਂ, ਉਨ੍ਹਾਂ ਦੇ ਸੁਫਨਿਆਂ, ਜੋ ਕਦੇ ਮਾਰ ਦਿੱਤੇ ਜਾਂਦੇ ਹਨ ਤੇ ਕਦੀ ਪੂਰੇ ਹੋ ਜਾਂਦੇ ਹਨ, ਬਾਰੇ ਹੈ।’’ ਉਨ੍ਹਾਂ ਦੱਸਿਆ ਕਿ ‘ਬੌਂਬੇ ਬੇਗਮਜ਼’ ਕੌਮੀ ਮਹਿਲਾ ਦਿਵਸ ਮੌਕੇ ਨੈੱਟਫਲਿਕਸ ’ਤੇ ਰਿਲੀਜ਼ ਹੋ ਰਹੀ ਹੈ।