ਮੈਲਬਰਨ, 28 ਫਰਵਰੀ
ਨੌਜਵਾਨ ਸਲਾਮੀ ਬੱਲੇਬਾਜ਼ੀ ਸ਼ੈਫਾਲੀ ਵਰਮਾ ਦੀ ਤੂਫਾਨੀ ਪਾਰੀ ਤੇ ਗੇਂਦਬਾਜ਼ਾਂ ਦੇ ਇਕ ਹੋਰ ਅਨੁਸ਼ਾਸਿਤ ਪ੍ਰਦਰਸ਼ਨ ਨਾਲ ਭਾਰਤ ਨੇ ਵੀਰਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ ਰੋਮਾਂਚਕ ਮੈਚ ਵਿੱਚ ਚਾਰ ਦੌੜਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਜਿੱਤ ਦੀ ਹੈਟ੍ਰਿਕ ਪੂਰੀ ਕਰਨ ਦੇ ਨਾਲ ਸੈਮੀ ਫਾਈਨਲ ’ਚ ਜਗ੍ਹਾ ਪੱਕੀ ਕੀਤੀ।
16 ਸਾਲਾ ਸ਼ੈਫਾਲੀ ਨੇ 34 ਗੇਂਦਾਂ ’ਤੇ ਚਾਰ ਚੌਕਿਆਂ ਤੇ ਤਿੰਨ ਛੱਕਿਆਂ ਦੀ ਮੱਦਦ ਨਾਲ 46 ਦੌੜਾਂ ਬਣਾਈਆਂ ਪਰ ਇਸ ਦੇ ਬਾਵਜੂਦ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਅੱਠ ਵਿਕਟਾਂ ’ਤੇ 133 ਦੌੜਾਂ ਤੱਕ ਹੀ ਪਹੁੰਚ ਸਕੀ। ਭਾਰਤੀ ਗੇਂਦਬਾਜ਼ਾਂ ਨੇ ਹਾਲਾਂਕਿ ਮੁੜ ਆਸ ਨਾਲੋਂ ਸਕੋਰ ਦਾ ਚੰਗਾ ਬਚਾਅ ਕੀਤਾ ਅਤੇ ਐਮੀਲਿਆ ਕੈਰ (19 ਗੇਂਦਾਂ ’ਤੇ ਨਾਬਾਦ 34 ਦੌੜਾਂ) ਦੇ ਆਖ਼ਰੀ ਪਲਾਂ ਦੇ ਧਮਾਲ ਦੇ ਬਾਵਜੂਦ ਨਿਊਜ਼ੀਲੈਂਡ ਨੂੰ ਛੇ ਵਿਕਟਾਂ ’ਤੇ 129 ਦੌੜਾਂ ਤੱਕ ਰੋਕ ਦਿੱਤਾ। ਭਾਰਤੀ ਟੀਮ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਉਸ ਨੇ ਇਸ ਤੋਂ ਪਹਿਲਾਂ ਮੌਜੂਦਾ ਚੈਂਪੀਅਨ ਆਟਰੇਲੀਆ ਨੂੰ 17 ਦੌੜਾਂ ਤੇ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ।
ਭਾਰਤ ਗਰੁੱਪ ‘ਏ’ ਵਿੱਚ ਤਿੰਨ ਮੈਚਾਂ ’ਚ ਛੇ ਅੰਕ ਲੈ ਕੇ ਸਿਖ਼ਰ ’ਤੇ ਹੈ ਅਤੇ ਉਹ ਸੈਮੀ ਫਾਈਨਲ ’ਚ ਜਗ੍ਹਾ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਭਾਰਤੀ ਟੀਮ ਆਪਣਾ ਆਖ਼ਰੀ ਮੈਚ ਸ਼ਨਿਚਰਵਾਰ ਨੂੰ ਸ੍ਰੀਲੰਕਾ ਨਾਲ ਖੇਡੇਗੀ। ਭਾਰਤ ਨੇ ਸਪਿੰਨਰਾਂ ਤੋਂ ਸ਼ੁਰੂਆਤ ਕਰਵਾਈ ਪਰ ਦੀਪਤੀ ਸ਼ਰਮਾ ਦੇ ਓਵਰ ਵਿੱਚ 12 ਦੌੜਾਂ ਬਣ ਗਈਆਂ ਜਿਸ ਵਿੱਚ ਸਲਾਮੀ ਬੱਲੇਬਾਜ਼ ਰਾਚੇਲ ਪ੍ਰੀਸਟ (12) ਦੇ ਦੋ ਚੌਕੇ ਸ਼ਾਮਲ ਹਨ। ਤਜ਼ਰਬੇਕਾਰ ਸ਼ਿਖਾ ਪਾਂਡੇ ਨੇ ਹਾਲਾਂਕਿ ਪ੍ਰੀਸਟ ਨੂੰ ਅਗਲੇ ਓਵਰ ’ਚ ਆਊਟ ਕਰ ਦਿੱਤਾ। ਸ਼ਿਖਾ ਤੇ ਖੱਬੇ ਹੱਥ ਦੀ ਸਪਿੰਨਰ ਰਾਜੇਸ਼ਵਰੀ ਗਾਇਕਵਾੜ ਦੇ ਸਾਹਮਣੇ ਨਿਊਜ਼ੀਲੈਂਡ ਦੇ ਬੱਲੇਬਾਜ਼ ਖੁੱਲ੍ਹ ਕੇ ਨਹੀਂ ਖੇਡ ਸਕੇ। ਦੀਪਤੀ ਨੇ ਆਪਣੇ ਦੂਜੇ ਸਪੈੱਲ ਵਿੱਚ ਸੂਜ਼ੀ ਬੇਟਸ (06) ਨੂੰ ਬਾਊਲਡ ਕੀਤਾ। ਇਸ ਤੋਂ ਬਾਅਦ ਪੂਨਮ ਯਾਦਵ ਤੇ ਰਾਧਾ ਯਾਦਵ ਨੇ ਕਿਵੀ ਟੀਮ ’ਤੇ ਦਬਾਅ ਬਣਾ ਦਿੱਤਾ। ਕਪਤਾਨ ਸੋਫੀ ਡਿਵਾਈਨ (24) ਤੇ ਕੈਟੀ ਮਾਰਟਿਨ (25) ਨੇ 36 ਗੇਂਦਾਂ ’ਤੇ 43 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਇਨ੍ਹਾਂ ਝਟਕਿਆਂ ਤੋਂ ਉਭਾਰਨ ਦੀ ਕੋਸ਼ਿਸ਼ ਕੀਤੀ। ਸ੍ਰੀ ਗਾਇਕਵਾੜ ਨੇ ਹਾਲਾਂਕ ਗਰੀਨ ਨੂੰ ਆਊਟ ਕਰ ਕੇ ਪਵੇਲੀਅਨ ਭੇਜ ਦਿੱਤਾ ਜਦੋਂਕਿ ਰਾਧਾ ਨੇ ਮਾਰਟਿਨ ਨੂੰ ਆਊਟ ਕਰ ਕੇ ਸਕੋਰ ਪੰਜ ਵਿਕਟਾਂ ’ਤੇ 90 ਦੌੜਾਂ ਕਰ ਦਿੱਤਾ। ਨਿਊਜ਼ੀਲੈਂਡ ਨੂੰ ਜਦੋਂ 21 ਗੇਂਦਾਂ ’ਤੇ 44 ਦੌੜਾਂ ਦੀ ਲੋੜ ਸੀ ਤਾਂ ਕੈਰ ਨੇ ਜ਼ਿੰਮੇਵਾਰੀ ਸੰਭਾਲੀ। ਉਸ ਨੇ 19ਵੇਂ ਓਵਰ ’ਚ ਪੂਨਮ ਦੀਆਂ ਗੇਂਦਾਂ ’ਤੇ ਚਾਰ ਚੌਕੇ ਮਾਰੇ। ਇਸ ਤਰ੍ਹਾਂ ਨਿਊਜ਼ੀਲੈਂਡ ਨੂੰ ਆਖ਼ਰੀ ਓਵਰ ’ਚ 16 ਦੌੜਾਂ ਦੀ ਲੋੜ ਸੀ। ਸ਼ਿਖਾ ਨੇ ਇਹ ਓਵਰ ਕੀਤਾ ਜਿਸ ਵਿੱਚ ਹੈਲੀ ਜੈਨਸਨ (11) ਅਤੇ ਕੈਰ ਨੇ ਚੌਕੇ ਲਗਾਏ ਪਰ ਅਖ਼ੀਰ ਵਿੱਚ ਭਾਰਤੀ ਗੇਂਦਬਾਜ਼ ਉਨ੍ਹਾਂ ’ਤੇ ਰੋਕ ਲਗਾਉਣ ਵਿਚ ਸਫ਼ਲ ਰਹੀ। ਇਸ ਤੋਂ ਪਹਿਲਾਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਿਆ ਜਿਸ ਤੋਂ ਬਾਅਦ 16 ਸਾਲਾ ਸ਼ੈਫਾਲੀ ਨੇ ਮੁੜ ਤੋਂ ਟੀਮ ਨੂੰ ਤੂਫਾਨੀ ਸ਼ੁਰੂਆਤ ਦਿਵਾਈ। ਭਾਰਤ ਨੇ ਪਾਵਰਪਲੇਅ ਦੇ ਓਵਰਾਂ ਵਿੱਚ 49 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਹਾਲਾਂਕਿ 43 ਦੌੜਾਂ ਦੇ ਅੰਦਰ ਛੇ ਵਿਕਟਾਂ ਗੁਆਈਆਂ ਜਿਸ ਨਾਲ ਉਹ ਇਸ ਸ਼ੁਰੂਆਤ ਦਾ ਫਾਇਦਾ ਨਹੀਂ ਉਠਾ ਸਕੀ। ਬੁਖਾਰ ਕਾਰਨ ਪਿਛਲੇ ਮੈਚ ਵਿੱਚ ਨਹੀਂ ਖੇਡ ਸਕਣ ਵਾਲੀ ਸਮ੍ਰਿਤੀ ਮੰਧਾਨਾ (11) ਜਲਦੀ ਹੀ ਆਊਟ ਹੋ ਗਈ। ਉਸ ਨੇ ਤੀਜੇ ਓਵਰ ਵਿੱਚ ਲੀ ਤਾਹੁਹੁ ਦੀ ਗੇਂਦ ਵਿਕਟਾਂ ’ਤੇ ਖੇਡੀ। ਸ਼ੈਫਾਲੀ ਤੇ ਤਾਨੀਆ ਭਾਟੀਆ (23) ਨੇ ਦੂਜੇ ਵਿਕਟ ਲਈ 51 ਦੌੜਾਂ ਜੋੜੀਆਂ। ਤਾਨੀਆ ਦਸਵੇਂ ਓਵਰ ’ਚ ਪਵੇਲੀਅਨ ਪਰਤ ਗਈ। ਰੋਜ਼ ਮੈਰੀ ਮਾਇਰ ਦੀ ਗੇਂਦ ’ਤੇ ਬੈਕਵਰਡ ਪੁਆਇੰਟ ’ਤੇ ਖੜ੍ਹੀ ਕੈਰ ਨੇ ਉਸ ਦਾ ਕੈਚ ਫੜਿਆ। ਇਸ ਤੋਂ ਬਾਅਦ ਜੈਮਿਮਾ ਰੌਡਰਿਗਜ਼ (10) ਕਰੀਜ਼ ’ਤੇ ਉਤਰੀ। ਭਾਰਤ ਨੇ ਦਸ ਓਵਰਾਂ ’ਚ ਦੋ ਵਿਕਟਾਂ ’ਤੇ 75 ਦੌੜਾਂ ਬਣਾਈਆਂ ਸਨ ਪਰ ਰੌਡਰਿਗਜ਼ 12ਵੇਂ ਓਵਰ ’ਚ ਹੀ ਆਊਟ ਹੋ ਗਈ। ਕਪਤਾਨ ਹਰਮਨਪ੍ਰੀਤ ਕੌਰ (01) ਦੀ ਖ਼ਰਾਬ ਫਾਰਮ ਜਾਰੀ ਰਹੀ। ਉਸ ਨੂੰ ਲੀਗ ਕਾਸਪੈਰੇਕ ਨੇ ਆਪਣੀ ਹੀ ਗੇਂਦ ’ਤੇ ਕੈਚ ਕੀਤਾ। ਅੱਠਵੇਂ ਤੇ ਦਸਵੇਂ ਓਵਰ ਵਿੱਚ ਜੀਵਨਦਾਨ ਪਾਉਣ ਵਾਲੀ ਸ਼ੈਫਾਲੀ ਨੇ ਵੀ ਕੈਰ ਦੀ ਗੇਂਦ ’ਤੇ ਡੀਪ ਐਕਸਟਰਾ ਕਵਰ ’ਤੇ ਹੈਲੀ ਜੈਨਸਨ ਨੂੰ ਕੈਚ ਦਿੱਤਾ। ਉਸ ਨੇ ਆਪਣੀ ਪਾਰੀ ਵਿੱਚ ਚਾਰ ਚੌਕੇ ਤੇ ਤਿੰਨ ਛੱਕੇ ਮਾਰੇ। ਖੱਬੇ ਹੱਥ ਦੀ ਬੱਲੇਬਾਜ਼ ਦੀਪਤੀ ਸ਼ਰਮਾ (08) ਤੇ ਵੇਦਾ ਕ੍ਰਿਸ਼ਨਾਮੂਰਤੀ (06) ਵੀ ਯੋਗਦਾਨ ਨਹੀਂ ਦੇ ਸਕੀਆਂ। ਰਾਧਾ ਯਾਦਵ ਨੇ ਆਖ਼ਰੀ ਪਲਾਂ ਵਿੱਚ ਨੌਂ ਗੇਂਦਾਂ ’ਤੇ ਇਕ ਛੱਕੇ ਦੀ ਮੱਦਦ ਨਾਲ 14 ਦੌੜਾਂ ਬਣਾਈਆਂ ਜਦੋਂਕਿ ਸ਼ਿਖਾ ਪਾਂਡੇ 14 ਗੇਂਦਾਂ ’ਤੇ 10 ਦੌੜਾਂ ਬਣਾ ਕੇ ਨਾਬਾਦ ਰਹੀ। ਸ਼ੈਫਾਲੀ ਨੂੰ ਮੈਚ ਦੀ ਸਭ ਤੋਂ ਵਧੀਆ ਖਿਡਾਰਨ ਚੁਣਿਆ ਗਿਆ।