ਕਰਾਚੀ, 4 ਫਰਵਰੀ
ਨਿਦਾ ਡਾਰ ਦੀ ਨੀਮ ਸੈਂਕੜਾ ਪਾਰੀ ਦੀ ਬਦੌਲਤ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਨੇ ਅੱਜ ਇੱਥੇ ਤੀਜੇ ਟੀ-20 ਕੌਮਾਂਤਰੀ ਮੈਚ ਵਿੱਚ ਵੈਸਟ ਇੰਡੀਜ਼ ਨੂੰ 12 ਦੌੜਾਂ ਨਾਲ ਮਾਤ ਦਿੱਤੀ। ਮਹਿਮਾਨ ਟੀਮ ਪਹਿਲੇ ਦੋ ਮੈਚ ਜਿੱਤ ਕੇ ਤਿੰਨ ਮੈਚਾਂ ਦੀ ਟੀ-20 ਲੜੀ ਆਪਣੇ ਨਾਮ ਕਰ ਚੁੱਕੀ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਤੈਅ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 150 ਦੌੜਾਂ ਬਣਾਉਣ ਮਗਰੋਂ ਵੈਸਟ ਇੰਡੀਜ਼ ਨੂੰ ਅੱਠ ਵਿਕਟਾਂ ’ਤੇ 138 ਦੌੜਾਂ ਹੀ ਬਣਾਉਣ ਦਿੱਤੀਆਂ। ਪਾਕਿਸਤਾਨ ਲਈ ਨਿਦਾ ਨੇ ਪੰਜ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 40 ਗੇਂਦਾਂ ਵਿੱਚ 53 ਦੌੜਾਂ ਦੀ ਪਾਰੀ ਖੇਡੀ। ਵੈਸਟ ਇੰਡੀਜ਼ ਵੱਲੋਂ ਪਹਿਲੀ ਵਾਰ ਖੇਡ ਰਹੀ ਕਰਿਸ਼ਮਾ ਰਾਮਹਰਕ ਸਭ ਤੋਂ ਸਫਲ ਗੇਂਦਬਾਜ਼ ਰਹੀ। ਉਸ ਨੇ ਤਿੰਨ ਓਵਰਾਂ ਵਿੱਚ 20 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟ ਇੰਡੀਜ਼ ਲਈ ਸਲਾਮੀ ਬੱਲੇਬਾਜ਼ ਡਾਇਡਰਾਅ ਡੋਟਿਨ ਨੇ 29 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ 46 ਦੌੜਾਂ ਦੀ ਪਾਰੀ ਖੇਡੀ, ਪਰ ਉਨ੍ਹਾਂ ਦੀ ਤੇਜ਼ ਸ਼ੁਰੂਆਤ ਦਾ ਟੀਮ ਫ਼ਾਇਦਾ ਨਹੀਂ ਉਠਾ ਸਕੀ।