ਗੋਲਡ ਕੋਸਟ, 4 ਅਕਤੂਬਰ

ਭਾਰਤ ਅਤੇ ਆਸਟਰੇਲੀਆ ਵਿਚਕਾਰ ਇਥੇ ਖੇਡਿਆ ਗਿਆ ਇਕਲੌਤਾ ਦਿਨ-ਰਾਤ ਦਾ ਮਹਿਲਾ ਕ੍ਰਿਕਟ ਟੈਸਟ ਮੈਚ ਐਤਵਾਰ ਨੂੰ ਡਰਾਅ ਹੋ ਗਿਆ। ਭਾਰਤੀ ਟੀਮ ਨੇ ਪਹਿਲੀ ਪਾਰੀ ਅੱਠ ਵਿਕਟਾਂ ਗੁਆ ਕੇ 377 ਦੌੜਾਂ ’ਤੇ ਐਲਾਨ ਦਿੱਤੀ ਸੀ। ਇਸ ਦੇ ਜਵਾਬ ’ਚ ਆਸਟਰੇਲੀਆ ਨੇ ਪਹਿਲੀ ਪਾਰੀ 9 ਵਿਕਟਾਂ ’ਤੇ 241 ਦੌੜਾਂ ਬਣਾ ਕੇ ਐਲਾਨੀ ਸੀ।

ਭਾਰਤ ਨੇ ਚੌਥੇ ਅਤੇ ਆਖਰੀ ਦਿਨ ਅੱਜ ਚਾਹ ਦੇ ਵਕਫ਼ੇ ਤੋਂ ਬਾਅਦ ਦੂਜੀ ਪਾਰੀ ਤਿੰਨ ਵਿਕਟਾਂ ’ਤੇ 135 ਦੌੜਾਂ ’ਤੇ ਐਲਾਨ ਦਿੱਤੀ ਸੀ। ਭਾਰਤ ਨੇ 32 ਓਵਰਾਂ ’ਚ ਆਸਟਰੇਲੀਆ ਨੂੰ ਜਿੱਤ ਲਈ 271 ਦੌੜਾਂ ਦਾ ਟੀਚਾ ਦਿੱਤਾ ਸੀ। ਆਸਟਰੇਲੀਆ ਨੇ 2 ਵਿਕਟਾਂ ’ਤੇ 32 ਦੌੜਾਂ ਬਣਾਈਆਂ ਸਨ ਅਤੇ ਦੋਵੇਂ ਟੀਮਾਂ ਮੈਚ ਡਰਾਅ ਲਈ ਸਹਿਮਤ ਹੋ ਗਈਆਂ। ਭਾਰਤ ਵੱਲੋਂ ਸ਼ੈਫਾਲੀ ਵਰਮਾ ਨੇ ਦੂਜੀ ਪਾਰੀ ’ਚ 52 ਦੌੜਾਂ ਬਣਾਈਆਂ ਜਦਕਿ ਪੂਨਮ ਰਾਊਤ 41 ਦੌੜਾਂ ਬਣਾ ਕੇ ਨਾਬਾਦ ਰਹੀ। ਦੋਵੇਂ ਟੀਮਾਂ ਨੂੰ 2-2 ਅੰਕ ਮਿਲੇ ਹਨ। ਲੜੀ ਦਾ ਸਕੋਰ 6-4 ਨਾਲ ਆਸਟਰੇਲੀਆ ਦੇ ਪੱਖ ’ਚ ਰਿਹਾ।