ਮਸਕਟ:ਸੁਸ਼ੀਲਾ ਚਾਨੂੰ ਦੇ ਦੋ ਗੋਲਾਂ ਤੋਂ ਇਲਾਵਾ ਹੋਰ ਖਿਡਾਰਨਾਂ ਦੇ ਸ਼ਾਨਦਾਰ ਸਹਿਯੋਗ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫਆਈਐੱਚ (ਕੌਮਾਂਤਰੀ ਹਾਕੀ ਫੈਡਰੇਸ਼ਨ) ਪ੍ਰੋ ਲੀਗ ਵਿਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸੋਮਵਾਰ ਨੂੰ ਇੱਥੇ ਦੋ ਗੇੜਾਂ ਦੇ ਮੁਕਾਬਲੇ ਦੇ ਪਹਿਲੇ ਮੈਚ ਵਿਚ ਚੀਨ ਨੂੰ 7-1 ਨਾਲ ਹਰਾਇਆ। ਚਾਨੂੰ ਨੇ 47ਵੇਂ ਅਤੇ 52ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ ਨੂੰ ਗੋਲ ਵਿਚ ਬਦਲਿਆ ਜਦਕਿ ਨਵਨੀਤ ਕੌਰ (ਪੰਜਵੇਂ), ਨੇਹਾ (12ਵੇਂ), ਵੰਦਨਾ ਕਟਾਰੀਆ (40ਵੇਂ), ਸ਼ਰਮਿਲਾ ਦੇਵੀ (48ਵੇਂ) ਅਤੇ ਗੁਰਜੀਤ ਕੌਰ (50ਵੇਂ ਮਿੰਟ) ਨੇ ਇਕ-ਇਕ ਗੋਲ ਕਰ ਕੇ ਭਾਰਤ ਨੂੰ ਵੱਡੇ ਫ਼ਰਕ ਨਾਲ ਜਿੱਤ ਦਿਵਾਈ। ਚੀਨ ਲਈ ਇਕਮਾਤਰ ਗੋਲ ਸ਼ੂ ਡੈਂਗ ਨੇ 43ਵੇਂ ਮਿੰਟ ਵਿਚ ਕੀਤਾ। ਇਸ ਜਿੱਤ ਨਾਲ ਹੀ ਭਾਰਤੀ ਟੀਮ ਐੱਫਆਈਐੱਚ ਪ੍ਰੋ ਲੀਗ ਅੰਕ ਸੂਚੀ ਵਿਚ ਤਿੰਨ ਅੰਕਾਂ ਅਤੇ ਪਲੱਸ ਛੇ ਦੇ ਗੋਲ ਅੰਤਰ ਨਾਲ ਤੀਜੇ ਸਥਾਨ ’ਤੇ ਪਹੁੰਚ ਗਈ। ਮੈਚ ਦੇ ਪੰਜਵੇਂ ਮਿੰਟ ਵਿਚ ਨਵਨੀਤ ਦੇ ਗੋਲ ਨਾਲ ਭਾਰਤੀ ਟੀਮ ਨੇ ਸ਼ੁਰੂਆਤ ਕੀਤੀ।
ਟੀਮ ਨੇ ਮੈਚ ਵਿਚ ਸ਼ੁਰੂਆਤ ਤੋਂ ਹੀ ਆਪਣੀ ਪਕੜ ਬਣਾ ਲਈ ਸੀ ਪਰ 10ਵੇਂ ਮਿੰਟ ਵਿਚ ਚੀਨ ਨੇ ਉਸ ਦੀ ਡਿਫੈਂਸ ਲਾਈਨ ’ਤੇ ਹਮਲਾ ਕਰ ਕੇ ਮੁਕਾਬਲੇ ਦਾ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ। ਕਪਤਾਨ ਸਵਿਤਾ ਨੇ ਚੌਕਸੀ ਦਿਖਾਉਂਦੇ ਹੋਏ ਹਾਲਾਂਕਿ ਇਸ ਨੂੰ ਨਾਕਾਮ ਕਰ ਦਿੱਤਾ। ਇਸ ਤੋਂ ਦੋ ਮਿੰਟ ਬਾਅਦ ਨੇਹਾ ਦੇ ਗੋਲ ਨਾਲ ਭਾਰਤੀ ਟੀਮ ਦੀ ਬੜ੍ਹਤ ਦੁੱਗਣੀ ਹੋ ਗਈ। ਮੈਚ ਦੇ ਦੂਜੇ ਕੁਆਰਟਰ ਵਿਚ ਵੀ ਭਾਰਤੀ ਖਿਡਾਰਨਾਂ ਨੇ ਦਬਦਬਾ ਬਣਾਈ ਰੱਖਿਆ ਪਰ ਟੀਮ ਇਸ ਬੜ੍ਹਤ ਨੂੰ ਹੋਰ ਵਧਾਉਣ ’ਚ ਸਫ਼ਲ ਨਹੀਂ ਹੋਈ। ਅੱਧੇ ਸਮੇਂ ਤੋਂ ਬਾਅਦ ਪਾਸਾ ਬਦਲਦੇ ਹੀ ਵੰਦਨਾ ਨੇ ਗੋਲ ਕਰ ਕੇ ਭਾਰਤੀ ਟੀਮ ਨੂੰ 3-0 ਨਾਲ ਅੱਗੇ ਕਰ ਦਿੱਤਾ। ਮੈਚ ਵਿਚ 0-3 ਨਾਲ ਪੱਛੜਨ ਤੋਂ ਬਾਅਦ ਚੀਨ ਨੇ ਡੈਂਗ ਦੇ ਗੋਲ ਨਾਲ ਵਾਪਸੀ ਕੀਤੀ। ਚੌਥੇ ਕੁਆਰਟਰ ਵਿਚ ਹਾਲਾਂਕਿ ਭਾਰਤੀ ਟੀਮ ਨੇ ਚੀਨ ਨੂੰ ਕੋਈ ਮੌਕਾ ਨਹੀਂ ਦਿੱਤਾ। ਟੀਮ ਨੇ ਇਸ ਦੌਰਾਨ ਚਾਰ ਗੋਲ ਕੀਤੇ ਜਿਸ ਵਿੱਚੋਂ ਚਾਨੂੰ ਨੇ ਦੋ ਪੈਨਲਟੀ ਕਾਰਨਰਾਂ ਨੂੰ ਗੋਲ ’ਚ ਬਦਲਿਆ। ਭਾਰਤੀ ਟੀਮ ਮੰਗਲਵਾਰ ਨੂੰ ਇਸੇ ਜਗ੍ਹਾ ’ਤੇ ਮੁੜ ਤੋਂ ਚੀਨ ਦਾ ਸਾਹਮਣਾ ਕਰੇਗੀ।