ਮੁੰਬਈ, 5 ਜੁਲਾਈ

ਅਦਾਕਾਰਾ ਮਹਿਰੀਨ ਪੀਰਜ਼ਾਦਾ ਅਤੇ ਸਿਆਸਤਦਾਨ ਭਵਿਆ ਬਿਸ਼ਨੋਈ ਨੇ ਆਪਸੀ ਸਹਿਮਤੀ ਨਾਲ ਆਪਣੀ ਮੰਗਣੀ ਤੋਂ ਚਾਰ ਮਹੀਨੇ ਬਾਅਦ ਰਿਸ਼ਤਾ ਤੋੜਦਿਆਂ ਵਿਆਹ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਦੋਵੇਂ ਜਣਿਆਂ ਨੇ ਆਪੋ-ਆਪਣੇ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਦਿੱਤੀ ਹੈ। ਤੇਲਗੂ, ਤਾਮਿਲ ਅਤੇ ਹਿੰਦੀ ਫ਼ਿਲਮ ‘ਫਿਲੌਰੀ’ ਵਿੱਚ ਕੰਮ ਕਰਨ ਵਾਲੀ ਅਦਾਕਾਰਾ ਪੀਰਜ਼ਾਦਾ ਨੇ ਆਖਿਆ ਕਿ ਇਹ ਫੈਸਲਾ ਦੋਵਾਂ ਨੇ ਆਪਣੀ ਭਲਾਈ ਲਈ ਲਿਆ ਹੈ। ਅਦਾਕਾਰਾ ਨੇ ਆਖਿਆ,‘‘ਮੈਂ ਬਹੁਤ ਸਤਿਕਾਰ ਨਾਲ ਕਹਿਣਾ ਚਾਹੁੰਦੀ ਹਾਂ ਕਿ ਅੱਜ ਤੋਂ ਬਾਅਦ ਮੇਰਾ ਬਿਸ਼ਨੋਈ ਤੇ ਉਸ ਦੇ ਪਰਿਵਾਰਕ ਮੈਂਬਰਾਂ ਜਾਂ ਉਸ ਦੇ ਦੋਸਤਾਂ ਨਾਲ ਕੋਈ ਸਬੰਧ ਨਹੀਂ ਹੋਵੇਗਾ। ਇਸ ਮਾਮਲੇ ਵਿੱਚ ਮੇਰਾ ਮਹਿਜ਼ ਇਹੀ ਇੱਕ ਬਿਆਨ ਹੈ ਅਤੇ ਮੈਂ ਆਸ ਕਰਦੀ ਹਾਂ ਇਹ ਮੇਰਾ ਨਿੱਜੀ ਮਾਮਲਾ ਹੋਣ ਕਾਰਨ ਹਰ ਕੋਈ ਮੇਰੀ ਨਿੱਜਤਾ ਦਾ ਖਿਆਲ ਰੱਖੇਗਾ। ਮੈਂ ਅੱਗੇ ਵੀ ਆਪਣਾ ਕੰਮ ਜਾਰੀ ਰੱਖਾਂਗੀ ਅਤੇ ਚੰਗੇ ਭਵਿੱਖੀ ਪ੍ਰਾਜੈਕਟ ਦੇਖ ਰਹੀ ਹਾਂ।’’ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪੋਤੇ ਬਿਸ਼ਨੋਈ ਨੇ ਆਖਿਆ ਕਿ ਸਾਡੇ ਸੰਸਕਾਰ ਵੱਖਰੇ ਅਤੇ ਇਕ-ਦੂਜੇ ਨਾਲ ਨਿਭ ਨਹੀਂ ਸਕਦੇ। ਉਸ ਨੇ ਆਖਿਆ, ‘ਮੈਂ ਇਹ ਫ਼ੈਸਲਾ ਬਹੁਤ ਸੋਚ ਸਮਝ ਕੇ ਲਿਆ ਹੈ ਅਤੇ ਮੈਂ ਮਹਿਰੀਨ ਤੇ ਉਸ ਦੇ ਪਰਿਵਾਰ ਦੀ ਬਹੁਤ ਇੱਜ਼ਤ ਕਰਦਾ ਹਾਂ। ਮੈਨੂੰ ਮੰਗਣੀ ਟੁੱਟਣ ਦਾ ਕੋਈ ਦੁੱਖ ਨਹੀਂ ਹੈ। ਅਸੀਂ ਇਕ-ਦੂਜੇ ਲਈ ਬਹੁਤ ਚੰਗੇ ਸਾਂ ਪਰ ਸ਼ਾਇਦ ਕਿਸਮਤ ਨੂੰ ਇਹੀ ਮਨਜ਼ੂਰ ਸੀ।’’ ਬਿਸ਼ਨੋਈ ਨੇ ਦੋਸ਼ ਲਾਇਆ ਕੁਝ ਲੋਕ ਇਸ ਮਾਮਲੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਝੂਠਾ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।