ਮੁੰਬਈ: ਮਹਾਰਾਸ਼ਟਰ ਸਰਕਾਰ ਨੇ ਉੱਘੇ ਉਦਯੋਗਪਤੀ ਅਤੇ ਟਾਟਾ ਸੰਨਜ਼ ਗਰੁੱਪ ਦੇ ਚੇਅਰਮੈਨ ਰਤਨ ਟਾਟਾ ਨੂੰ ਪਹਿਲਾ ‘ਉਦਯੋਗ ਰਤਨ’ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਅੱਜ ਸੂਬੇ ਦੇ ਉਦਯੋਗ ਮੰਤਰੀ ਉਦੈ ਸਾਮੰਤ ਨੇ ਦਿੱਤੀ। ਸਾਮੰਤ ਨੇ ਵੀਰਵਾਰ ਨੂੰ ਸੂਬਾ ਵਿਧਾਨ ਪ੍ਰੀਸ਼ਦ ’ਚ ਨੌਜਵਾਨ ਉੱਦਮੀ, ਮਹਿਲਾ ਉੱਦਮੀ ਅਤੇ ਮਰਾਠੀ ਉੱਦਮੀ ਐਵਾਰਡ ਦੇਣ ਦਾ ਐਲਾਨ ਵੀ ਕੀਤਾ ਸੀ। ਉਨ੍ਹਾਂ ਕਿਹਾ ਸੀ, ‘‘ਪ੍ਰਸਿੱਧ ਸ਼ਖਸੀਅਤਾਂ ਨੂੰ ਦਿੱਤੇ ਜਾਂਦੇ ਮਹਾਰਾਸ਼ਟਰ ਭੂਸ਼ਣ ਐਵਾਰਡ ਵਾਂਗ ਸੂਬਾ ਸਰਕਾਰ ਨੇ ‘ਉਦਯੋਗ ਰਤਨ’ ਐਵਾਰਡ ਰਤਨ ਟਾਟਾ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ।’’ ਸਾਮੰਤ ਮੁਤਾਬਕ ਇਸ ਸਬੰਧ ਵਿੱਚ ਇੱਕ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਜਿਸ (ਕਮੇਟੀ) ’ਚ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਅਤੇ ਉਦਯੋਗ ਮੰਤਰੀ ਵਜੋਂ ਉਹ ਖ਼ੁਦ ਸ਼ਾਮਲ ਹਨ।