ਮੁੰਬਈ, 11 ਅਕਤੂਬਰ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਹੋਈ ਚਾਰ ਕਿਸਾਨਾਂ ਦੀ ਹੱਤਿਆ ਦੇ ਵਿਰੋਧ ਵਿਚ ਮਹਾਰਾਸ਼ਟਰ ਵਿਚ ਤਿੰਨ ਕਾਬਜ਼ ਪਾਰਟੀਆਂ ਵੱਲੋਂ ਦਿੱਤੇ ਗਏ ਮਹਾਰਾਸ਼ਟਰ ਬੰਦ ਦੇ ਸੱਦੇ ਦੇ ਮੱਦੇਨਜ਼ਰ ਮੁੰਬਈ ਅਤੇ ਇਸ ਦੀਆਂ ਨੇੜਲੀਆਂ ਥਾਵਾਂ ’ਤੇ ਬੱਸ ਸੇਵਾ ਬੰਦ ਅਤੇ ਜ਼ਿਆਦਾਤਰ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਬੰਦ ਰਹੇ। ਕੁਝ ਥਾਵਾਂ ’ਤੇ ਪਥਰਾਅ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਬ੍ਰਿਹਨਮੁੰਬਈ ਇਲੈਕਟ੍ਰਿਕ ਸਪਲਾਈ ਐਂਡ ਟਰਾਂਸਪੋਰਟ (ਬੈਸਟ) ਦੀਆਂ ਬੱਸ ਸੇਵਾਵਾਂ ਅੱਜ ਮੁਬੰਈ ਵਿਚ ਬੰਦ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬੈਸਟ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਵੇਰੇ-ਸਵੇਰੇ ਧਾਰਾਵੀ, ਮਨਾਖੁਰਦ, ਸ਼ਿਵਾਜੀ ਨਗਰ, ਚਾਰਕੋਪ, ਓਸ਼ੀਵਰਾ, ਦੇਵਨਾਰ ਤੇ ਇਨਓਰਬਿਟ ਮਾਲ ਦੇ ਨੇੜੇ ਨੌਂ ਬੱਸਾਂ ਨੁਕਸਾਨੀਆਂ ਗਈਆਂ। ਇਨ੍ਹਾਂ ਵਿਚ ਕਿਰਾਏ ’ਤੇ ਲਈ ਇਕ ਬੱਸ ਵੀ ਸ਼ਾਮਲ ਹੈ। ਬਿਆਨ ਵਿਚ ਕਿਹਾ ਗਿਆ, ‘‘ਬੈਸਟ ਪ੍ਰਸ਼ਾਸਨ ਨੇ ਪੁਲੀਸ ਸੁਰੱਖਿਆ ਦੀ ਮੰਗ ਕੀਤੀ ਹੈ ਅਤੇ ਸਥਿਤੀ ਦੀ ਸਮੀਖਿਆ ਤੋਂ ਬਾਅਦ ਹੀ ਸਾਰੇ ਡਿੱਪੂਆਂ ਤੋਂ ਬੱਸਾਂ ਚਲਾਈਆਂ ਜਾਣਗੀਆਂ।’’ ਬੱਸਾਂ ਬੰਦ ਹੋਣ ਕਾਰਨ ਸਬ-ਅਰਬਨ ਰੇਲਵੇ ਸਟੇਸ਼ਨਾਂ ’ਤੇ ਲੋਕਾਂ ਦੀ ਭਾਰੀ ਭੀੜ ਲੱਗੀ ਰਹੀ।