ਬਠਿੰਡਾ, 4 ਮਈ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਵਿਖੇ ਖੋਜ ਕਾਰਜ -ਪ੍ਰਣਾਲੀ ਵਿਸ਼ੇ ‘ਤੇ ਪੰਜ ਦਿਨਾਂ ਨੈਸ਼ਨਲ ਈ-ਵਰਕਸ਼ਾਪ ਦੀ ਅੱਜ ਇਥੇ ਸ਼ਾਨਦਾਰ ਸ਼ੁਰੂਆਤ ਕੀਤੀ ਗਈ ।
ਯੂਨੀਵਰਸਿਟੀ ਬਿਜ਼ਨਸ ਸਕੂਲ (ਯੂ.ਬੀ.ਐੱਸ.) ਵੱਲੋਂ ਕਰਵਾਈ ਜਾ ਰਹੀ ਇਸ ਵਰਕਸ਼ਾਪ ਲਈ ਦੇਸ਼ ਭਰ ਵਿਚੋਂ ਲਗਭਗ 35 ਨਾਮਵਰ ਸੰਸਥਾਵਾਂ ਨੇ ਰਜਿਸਟਰ ਕੀਤਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਮੋਹਨ ਪਾਲ ਸਿੰਘ ਈਸ਼ਰ ਨੇ ਯੂ.ਬੀ.ਐਸ., ਇੰਚਾਰਜ ਡਾ. ਪ੍ਰਿਤਪਾਲ ਸਿੰਘ ਭੁੱਲਰ ਦੀ ਹਾਜ਼ਰੀ ਵਿਚ ਵਰਕਸ਼ਾਪ ਦਾ ਉਦਘਾਟਨ ਕੀਤਾ।
ਆਪਣੇ ਉਦਘਾਟਨੀ ਭਾਸ਼ਣ ਵਿੱਚ ਪ੍ਰੋ. ਈਸ਼ਰ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਸਿੱਖਿਆ ਦੇ ਪ੍ਰਸਾਰ ਅਤੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਤੋਂ ਇਲਾਵਾ, “ਗਿਆਨ ਗਣਤੰਤਰ” ਵਜੋਂ ਪਰਿਭਾਸ਼ਤ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਯੂਨੀਵਰਸਿਟੀਆਂ ਨਵਾਂ ਗਿਆਨ ਪੈਦਾ ਕਰਦੀਆਂ ਹਨ ਅਤੇ ਨਵੇਂ ਉਤਪਾਦਾਂ ਅਤੇ ਪ੍ਰਕਿਰਿਆਵਾਂ ਨੂੰ ਵਿਕਸਤ ਕਰਨ ਲਈ ਇਸਦੀ ਵਰਤੋਂ ਵੀ ਕਰਦੀਆਂ ਹਨ। ਉਹਨਾਂ ਨੇ ਕਿਹਾ ਕਿ ਇਸ ਲਈ ਖੋਜ ਉੱਚ ਸਿੱਖਿਆ ਦਾ ਜ਼ਰੂਰੀ ਹਿੱਸਾ ਹੈ, ਜਿਸ ਵਿਚ ਪੂਰੀ ਇਮਾਨਦਾਰੀ ਅਤੇ ਦਿਆਨਤਦਾਰੀ ਦੀ ਲੋੜ ਹੈ, ਜੋ ਕਿ ਹਰ ਤਰ੍ਹਾਂ ਦੇ ਪਰਤਾਵੇ ਅਤੇ ਚੋਰੀ ਵਰਗੇ ਸੰਕਲਪਾਂ ਤੋਂ ਦੂਰ ਹੋਵੇ।
ਉਹਨਾਂ ਸਾਰੀਆਂ ਸਟ੍ਰੀਮਾਂ / ਅਨੁਸ਼ਾਸ਼ਨਾਂ ਦੀ ਖੋਜ ਵਿੱਚ ਵਾਧਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿਂਦਿਆਂ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਅਨੌਖੀ ਖੋਜ ਸਮੱਸਿਆ ਦੀ ਚੋਣ ਕਰਨੀ ਚਾਹੀਦੀ ਹੈ।
ਪ੍ਰੋ. ਈਸ਼ਰ ਨੇ ਅਜਿਹੀ ਜਾਣਕਾਰੀ ਭਰਪੂਰ ਵਰਕਸ਼ਾਪ ਦਾ ਆਯੋਜਨ ਕਰਨ ਅਤੇ ਤਾਲਾਬੰਦੀ ਕਾਰਨ ਵਿਦਿਅਕ ਵਿਘਨ ਦੇ ਇਸ ਅਰਸੇ ਦੌਰਾਨ ਸਮੇਂ ਦੀ ਸਰਬੋਤਮ ਵਰਤੋਂ ਕਰਨ ਲਈ ਪ੍ਰਬੰਧਕਾਂ ਦੇ ਯਤਨਾਂ ਨੂੰ ਵੀ ਉਤਸ਼ਾਹਤ ਕੀਤਾ।
ਆਪਣੇ ਸਵਾਗਤੀ ਭਾਸ਼ਣ ਵਿੱਚ ਯੂ.ਬੀ.ਐਸ., ਇੰਚਾਰਜ, ਡਾ. ਪ੍ਰਿਤਪਾਲ ਸਿੰਘ ਭੁੱਲਰ ਨੇ ਇਸ ਵਰਕਸ਼ਾਪ ਦੇ ਆਯੋਜਨ ਅਤੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ।
ਵਰਕਸ਼ਾਪ ਵਿਚ ਵੱਖ-ਵੱਖ ਖੋਜ ਵਿਸ਼ਿਆਂ ‘ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਥਾਪਰ ਯੂਨੀਵਰਸਿਟੀ, ਪਟਿਆਲਾ ਅਤੇ ਜੰਮੂ ਯੂਨੀਵਰਸਿਟੀ, ਜੰਮੂ ਵਰਗੀਆਂ ਪ੍ਰਸਿੱਧ ਯੂਨੀਵਰਸਿਟੀਆਂ ਦੇ ਸਰੋਤ ਵਿਅਕਤੀਆਂ ਦੁਆਰਾ ਲਗਭਗ 10 ਸੈਸ਼ਨ ਕਰਵਾਏ ਜਾਣਗੇ।
ਮੁੱਖ ਵਿਸ਼ਿਆਂ ਵਿੱਚ ਖੋਜ ਪ੍ਰਾਜੈਕਟਾਂ ਲਈ ਅਰਜ਼ੀ ਕਿਵੇਂ ਦੇਣੀ ਚਾਹੀਦੀ ਹੈ, ਸਾਹਿਤ ਦੀ ਸਮੀਖਿਆ, ਖੋਜ ਡਿਜ਼ਾਈਨ, ਪ੍ਰਸ਼ਨਾਵਲੀ ਵਿਕਾਸ, ਐਸ.ਪੀ.ਐਸ.ਐਸ. ਸਾੱਫਟਵੇਅਰ ਵਿੱਚ ਡੇਟਾ ਹੈਂਡਲਿੰਗ, ਫੈਕਟਰ ਵਿਸ਼ਲੇਸ਼ਣ ਅਤੇ ਐਂਟੀ-ਪਲੇਗਰਿਜ਼ਮ ਸਾੱਫਟਵੇਅਰ ਦੀ ਵਰਤੋਂ ਆਦਿ ਸ਼ਾਮਲ ਹਨ।
ਯੂਨੀਵਰਸਿਟੀ, ਡੀਨ, ਅਕਾਦਮਿਕ ਮਾਮਲੇ, ਡਾ. ਸਵੀਨਾ ਬਾਂਸਲ, ਰਜਿਸਟਰਾਰ, ਡਾ. ਜਤਿੰਦਰ ਕੌਰ ਅਤੇ ਡੀਨ ਖੋਜ ਅਤੇ ਵਿਕਾਸ, ਡਾ. ਜਸਬੀਰ ਸਿੰਘ ਹੁੰਦਲ ਨੇ ਵਿਭਾਗ ਨੂੰ ਖੋਜਕਰਤਾਵਾਂ ਅਤੇ ਵਿਦਿਆਰਥੀਆਂ ਦੇ ਲਾਭ ਲਈ ਮੌਜੂਦਾ ਮੁਸ਼ਕਲ ਸਮੇਂ ਵਿੱਚ ਅਜਿਹੀ ਨਵੀਨਤਾਕਾਰੀ ਵਰਕਸ਼ਾਪ ਦੇ ਆਯੋਜਨ ਲਈ ਵਧਾਈ ਦਿੱਤੀ, ਜੋ ਕਿ ਖੋਜ ਦੀਆਂ ਕਾਬਲੀਅਤਾਂ ਨੂੰ ਨਿਸ਼ਚਤ ਰੂਪ ਨਾਲ ਵਧਾਏਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿੱਚ ਵੀ ਅਜਿਹੀਆਂ ਖੋਜ ਵਰਕਸ਼ਾਪਾਂ ਆਯੋਜਿਤ ਕਰਵਾਏਗੀ।