ਗੁਹਾਟੀ, 11 ਦਸੰਬਰ

 ਦੁਬਈ ਤੋਂ ਕਥਿਤ ਤੌਰ ‘ਤੇ ਚੋਰੀ ਹੋਈ ਫੁੱਟਬਾਲ ਦੇ ਮਹਾਨ ਖਿਡਾਰੀ ਡਿਏਗੋ ਮਾਰਾਡੋਨਾ ਦੀ ਘੜੀ ਆਸਾਮ ਦੇ ਸ਼ਿਵਸਾਗਰ ਜ਼ਿਲ੍ਹੇ ਤੋਂ ਬਰਾਮਦ ਕੀਤੀ ਗਈ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੁਬਈ ਦੀ ਕੰਪਨੀ ਵਿੱਚ ਬਤੌਰ ਸੁਰੱਖਿਆ ਗਾਰਡ  ਸੀ। ਕੰਪਨੀ ਮਰਹੂਮ ਅਰਜਨਟੀਨਾ ਦੇ ਫੁੱਟਬਾਲਰ ਦੇ ਸਾਮਾਨ ਦੀ ਸੁਰੱਖਿਆ ਕਰ ਰਹੀ ਸੀ। ਪਿਛਲੇ ਸਾਲ 25 ਨਵੰਬਰ ਨੂੰ 60 ਸਾਲ ਦੀ ਉਮਰ ਵਿੱਚ ਮਾਰਾਡੋਨਾ ਦੀ ਮੌਤ ਹੋ ਗਈ ਸੀ। ਡੀਜੀਪੀ ਭਾਸਕਰ ਜੋਤੀ ਮਹੰਤ ਨੇ ਕਿਹਾ ਕਿ ਮੁਲਜ਼ਮ ‘ਤੇ ਸੇਫ ’ਚੋਂ ਸਾਮਾਨ ਚੋਰੀ ਕਰਨ ਦਾ ਸ਼ੱਕ ਸੀ, ਜਿਸ ਵਿਚ ਕੀਮਤੀ ਹੁਬੋਲਟ ਘੜੀ ਵੀ ਰੱਖੀ ਗਈ ਸੀ। ਮੁਲਜ਼ਮ ਕੰਪਨੀ ਵਿਚ ਕੁਝ ਦਿਨ ਕੰਮ ਕਰਨ ਤੋਂ ਬਾਅਦ ਅਗਸਤ ਵਿਚ ਅਸਾਮ ਵਾਪਸ ਆਇਆ ਸੀ। ਉਸ ਨੇ ਆਪਣੇ ਪਿਤਾ ਦੀ ਤਬੀਅਤ ਠੀਕ ਨਾ ਹੋਣ ਦੇ ਬਹਾਨੇ ਛੁੱਟੀ ਲੈ ਲਈ ਸੀ। ਅਧਿਕਾਰੀ ਨੇ ਕਿਹਾ ਕਿ ਦੁਬਈ ਪੁਲੀਸ ਨੇ ਭਾਰਤ ਨੂੰ ਮੁਲਜ਼ਮ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਆਸਾਮ ਪੁਲੀਸ ਹਰਕਤ ਵਿੱਚ ਆ ਗਈ। ਮੁਲਜ਼ਮ ਨੂੰ ਅੱਜ ਤੜਕੇ 4 ਵਜੇ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ  ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।