ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਦੇ ਵਕੀਲ ਨੇ ਅੱਜ ਕਿਹਾ ਕਿ ਟਰੰਪ ਜਾਂ ਉਨ੍ਹਾਂ ਦਾ ਅਟਾਰਨੀ ਅਮਰੀਕੀ ਸਦਰ ਖ਼ਿਲਾਫ਼ ਹੋਣ ਵਾਲੀ ਮਹਾਦੋਸ਼ ਦੀ ਸੁਣਵਾਈ ਵਿਚ ਸ਼ਾਮਲ ਨਹੀਂ ਹੋਣਗੇ। ਵਕੀਲ ਨੇ ਮਹਾਦੋਸ਼ ਦੀ ਇਸ ਪੂਰੀ ਕਾਰਵਾਈ ਵਿੱਚ ਬੁਨਿਆਦੀ ਅਮਲ ਤੇ ਮੌਲਿਕ ਨਿਰਪੱਖਤਾ ਦੀ ਘਾਟ ਦਾ ਹਵਾਲਾ ਦਿੱਤਾ ਹੈ। ਮਹਾਦੋਸ਼ ਨਾਲ ਸਬੰਧਤ ਸੁਣਵਾਈ ਅਸਲ ਵਿਚ ਡੈਮੋਕਰੈਟਾਂ ਵੱਲੋਂ ਇਸ ਤੱਥ ਨੂੰ ਸਥਾਪਤ ਕਰਨ ਦਾ ਯਤਨ ਹੈ ਕਿ ਟਰੰਪ ਨੇ ਯੂਕਰੇਨ ਨੂੰ ਮਿਲਦੀ ਫੌਜੀ ਏਡ ਬੰਦ ਕਰਕੇ ਅਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਆਪਣੇ ਰਵਾਇਤੀ ਵਿਰੋਧੀ ਡੈਮੋਕਰੈਟ ਉਮੀਦਵਾਰ ਜੋਅ ਬਿਡੇਨ ਖ਼ਿਲਾਫ਼ ਭ੍ਰਿਸ਼ਟਾਚਾਰ ਨਾਲ ਸਬੰਧਤ ਕੇਸ ਦੀ ਜਾਂਚ ਸ਼ੁਰੂ ਕਰਨ ਲਈ ਯੂਕਰੇਨੀ ਸਦਰ ਵੋਲੋਦੀਮੀਰ ਜ਼ਿਲੈਂਸਕੀ ’ਤੇ ਦਬਾਅ ਬਣਾਇਆ ਸੀ। ਡੈਮੋਕਰੈਟਾਂ ਨੇ ਟਰੰਪ ਦੀ ਇਸ ਪੇਸ਼ਕਦਮੀ ਨੂੰ ਅਨਿਯਮਤ ਤੇ ਗੈਰਵਾਜਬ ਹੋਣ ਦੇ ਨਾਲ ਸਿਆਸੀ ਲਾਹੇ ਲਈ ਆਪਣੇ ਦਫ਼ਤਰ ਦੀ ਦੁਰਵਰਤੋਂ ਕਰਨ ਦੇ ਤੁਲ ਦੱਸਿਆ ਹੈ। ਅਟਾਰਨੀ ਪੈਟ ਸਿਪੋਲੌਨ ਨੇ ਪ੍ਰਤੀਨਿਧ ਸਦਨ ਵਿੱਚ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਜੈਰੋਲਡ ਨੈਡਲਰ ਨੂੰ ਪਹਿਲੀ ਦਸੰਬਰ ਨੂੰ ਲਿਖੇ ਪੱਤਰ ਵਿੱਚ ਦੋਸ਼ ਲਾਇਆ ਕਿ ਉਨ੍ਹਾਂ ਜਾਣਬੁਝ ਕੇ ਸ਼ੁਰੂਆਤੀ ਸੁਣਵਾਈ ਅਜਿਹੇ ਸਮੇਂ ਵਿਉਂਤੀ ਹੈ ਜਦੋਂ ਅਮਰੀਕੀ ਸਦਰ ਮੁਲਕ ਤੋਂ ਬਾਹਰ ਹਨ। ਸਿਪਲੌਨ ਨੇ ਪੱਤਰ ਵਿੱਚ ਲਿਖਿਆ ਕਿ ਇਸ ਸ਼ੁਰੂਆਤੀ ਸੁਣਵਾਈ ਵਿੱਚ ‘ਤੱਥਾਂ ਦੀ ਸ਼ਾਹਦੀ ਭਰਦਾ ਕੋਈ ਗਵਾਹ’ ਵੀ ਸ਼ਾਮਲ ਨਹੀਂ ਹੋਵੇਗਾ।