ਜਲੰਧਰ, 23 ਸਤੰਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਖਿਆ ਕਿ ਪੰਜਾਬ ਪੁਲੀਸ ਨੂੰ ਮੁਲਕ ਦੀ ਮੋਹਰੀ ਫੋਰਸ ਬਣਾਉਣ ਲਈ ਇਸ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਵਾਸਤੇ ਮਸਨੂਈ ਬੌਧਿਕਤਾ (ਆਰਟੀਫਿਸ਼ਲ ਇੰਟੈਲੀਜੈਂਸ) ਨੂੰ ਸ਼ਾਮਲ ਕੀਤਾ ਜਾਵੇਗਾ। ਇੱਥੇ ਪੰਜਾਬ ਪੁਲੀਸ ਵਿੱਚ ਸਿੱਧੇ ਭਰਤੀ ਹੋਏ ਸਿਪਾਹੀਆਂ ਦੇ ਹੁਣ ਤੱਕ ਦੇ ਸਭ ਤੋਂ ਵੱਡੇ 2,999 ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਹ ਪਹਿਲਕਦਮੀ ਸੂਬੇ ਵਿੱਚ ਪੁਲੀਸ ਪ੍ਰਬੰਧ ’ਚ ਹੋਰ ਸੁਧਾਰ ਲਿਆਉਣ ਲਈ ਅਹਿਮ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਦੇ ਮਾਮਲੇ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਗਿਆ ਹੈ, ਜਿਸ ਨਾਲ ਸੂਬੇ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ’ਚ ਮਦਦ ਮਿਲੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਕਈ ਅਜਿਹੀਆਂ ਤਾਕਤਾਂ ਹਨ, ਜਿਹੜੀਆਂ ਆਪਣੇ ਮਾੜੇ ਮਨਸੂਬਿਆਂ ਨਾਲ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀਆਂ ਹਨ ਪਰ ਪੰਜਾਬ ਪੁਲੀਸ ਨੇ ਹਮੇਸ਼ਾ ਅਜਿਹੀਆਂ ਤਾਕਤਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਦਰਪੇਸ਼ ਚੁਣੌਤੀਆਂ ਉਤੇ ਕਾਬੂ ਪਾਉਣ ਲਈ ਪੰਜਾਬ ਪੁਲੀਸ ਨੂੰ ਪੜਤਾਲ, ਸਾਇੰਸ ਤੇ ਤਕਨੀਕ ਦੇ ਖ਼ੇਤਰ ਵਿੱਚ ਆਧੁਨਿਕ ਲੋੜਾਂ ਮੁਤਾਬਕ ਢਾਲਣ ਦੀ ਲੋੜ ਹੈ। ਮੁੱਖ ਮੰਤਰੀ ਨੇ ਦੁਹਰਾਇਆ ਕਿ ਪੁਲੀਸ ਨੂੰ ਆਧੁਨਿਕ ਸਮੇਂ ਦੀ ਹਾਣੀ ਬਣਾਉਣ ਲਈ ਪੰਜਾਬ, ਗੂਗਲ ਵਰਗੀਆਂ ਬਹੁਕੌਮੀ ਕੰਪਨੀਆਂ ਨਾਲ ਹੱਥ ਮਿਲਾਉਣ ਜਾ ਰਿਹਾ ਹੈ, ਜਿਸ ਸਬੰਧੀ ਵਿਆਪਕ ਰਣਨੀਤੀ ਤਿਆਰ ਕਰ ਲਈ ਗਈ ਹੈ ਅਤੇ ਰਸਮੀ ਸਮਝੌਤੇ ’ਤੇ ਜਲਦੀ ਦਸਤਖ਼ਤ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸੜਕ ਹਾਦਸਿਆਂ ’ਚ ਹੁੰਦੀਆਂ ਮੌਤਾਂ ਨੂੰ ਠੱਲ੍ਹ ਪਾਉਣ ਅਤੇ ਸੜਕਾਂ ਉਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸੂਬਾ ਸਰਕਾਰ ਨੇ ‘ਸੜਕ ਸੁਰੱਖਿਆ ਫੋਰਸ’ ਦੀ ਸ਼ੁਰੂਆਤ ਕੀਤੀ।

ਉਨ੍ਹਾਂ ਐਲਾਨ ਕੀਤਾ ਕਿ ਸੂਬਾ ਸਰਕਾਰ ਪੰਜਾਬ ਪੁਲੀਸ ਦੇ ਖੇਡ ਤੇ ਤਕਨੀਕੀ ਕੇਡਰ ਵਿੱਚ ਵਾਧਾ ਕਰਨ ਲਈ ਜਲਦੀ ਵੱਡੀ ਭਰਤੀ ਮੁਹਿੰਮ ਸ਼ੁਰੂ ਕਰੇਗੀ। ਇਸ ਤਹਿਤ ਟੈਕਨੀਕਲ ਸਪੋਰਟ ਸਰਵਿਸਜ਼ ਵਿੱਚ 267 ਸਬ ਇੰਸਪੈਕਟਰ ਤੇ 2340 ਕਾਂਸਟੇਬਲ, ਇਨਵੈਸਟੀਗੇਸ਼ਨ ਕਾਡਰ ਵਿੱਚ 787 ਹੌਲਦਾਰ ਤੇ 362 ਕਾਂਸਟੇਬਲ, ਇੰਟੈਲੀਜੈਂਸ ਕਾਡਰ ਵਿੱਚ 794 ਕਾਂਸਟੇਬਲ ਭਰਤੀ ਕੀਤੇ ਜਾਣਗੇ। ੲਿਸੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀਏਪੀ ਗਰਾਊਂਡ ਵਿਚ ਪਾਸਿੰਗ ਆਊਟ ਪਰੇਡ ਦੌਰਾਨ ਸ਼ਹੀਦ ਏਐੱਸਆਈ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਸੂਬਾ ਸਰਕਾਰ ਵੱਲੋਂ ਇਕ ਕਰੋੜ ਰੁਪਏ ਦਾ ਐਕਸਗ੍ਰੇਸ਼ੀਆ ਅਤੇ ਇਕ ਕਰੋੜ ਰੁਪਏ ਦੇ ਜੀਵਨ ਬੀਮਾ ਸਮੇਤ ਦੋ ਕਰੋੜ ਰੁਪਏ ਦੇ ਚੈੱਕ ਸੌਂਪੇ। ਉਨ੍ਹਾਂ ਕਪੂਰਥਲਾ ’ਚ ਡਿਊਟੀ ਨਿਭਾਉਂਦੇ ਹੋਏ ਫੌਤ ਹੋਏ ਏਐਸਆਈ ਮਲਕੀਤ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇ ਜੀਵਨ ਬੀਮਾ ਦਾ ਚੈੱਕ ਵੀ ਸੌਂਪਿਆ।